ਬਠਿੰਡਾ(13 ਨਵੰਬਰ, 2014):ਪਿੱਛਲੇ ਦਿਨੀ ਖਾੜਕੂ ਗਤੀਵਿਧੀਆਂ ਦੇ ਦੋਸ਼ ਵਿੱਚ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਰਮਨਦੀਪ ਸਿੰਘ ਨੂੰ ਤਿੰਨ ਦਿਨਾ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਪਿਛੋਂ ਅੱਜ ਬਠਿੰਡਾ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਮੈਡਮ ਮੇਘਾ ਸ਼ਰਮਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਪੁੱਛਗਿੱਛ ਲਈ 2 ਦਿਨ ਹੋਰ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ।
ਰਮਨਦੀਪ ਸਿੰਘ ਦੀ ਪੇਸ਼ੀ ਮੌਕੇ ਪੰਥਕ ਜਥੇਬੰਦੀਆਂ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਏਕਨੂਰ ਖਲਸਾ ਦੇ ਬਲਜਿੰਦਰ ਸਿੰਘ, ਰਜਿੰਦਰ ਸਿੰਘ, ਜਗਸੀਰ ਸਿੰਘ ਤੇ ਕਈ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਸੀਨੀਅਰ ਵਕੀਲ ਐਚ. ਐਲ. ਖਾਰਾ ਤੇ ਐਚ. ਐਸ. ਆਕਲੀਆ ਨੂੰ ਨਾਲ ਲੈ ਕੇ ਅਦਾਲਤ ‘ਚ ਪੇਸ਼ ਹੋਏ।
ਪੁਲਿਸ ਵੱਲੋਂ ਅਦਾਲਤ ਤੋਂ ਰਮਨਦੀਪ ਸਿੰਘ ਕੋਲੋਂ ਪੁੱਛ ਪੜ੍ਹਤਾਲ ਲਈ 14 ਦਿਨਾਂ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀ ਸੁਣਵਾਈ ਪਿਛੋਂ ਰਮਨਦੀਪ ਸਿੰਘ ਨੂੰ ਦੋ ਦਿਨ ਹੋਰ ਰਿਮਾਂਡ ‘ਤੇ ਭੇਜਣ ਦੇ ਹੁਕਮ ਸੁਣਾਏ ਹਨ।
ਪੰਥਕ ਧਿਰਾਂ ਦੇ ਆਗੂਆਂ ਨੇ ਪੁਲਿਸ ਵੱਲੋਂ ਉਕਤ ਨੌਜਵਾਨ ‘ਤੇ ਦਰਜ ਕੀਤੇ ਮਾਮਲੇ ਨੂੰ ਮਨਘੜ੍ਹਤ ਕਹਾਣੀ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਨੌਜਵਾਨ ਨੂੰ ਜਾਣ ਬੁੱਝ ਕੇ ਸਾਜ਼ਿਸ ਤਹਿਤ ਫਸਾਇਆ ਜਾ ਰਿਹਾ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨ ਤੋਂ ਨਾ ਤਾਂ ਕੁਝ ਬਰਾਮਦ ਹੋਇਆ ਹੈ ਤੇ ਨਾ ਹੀ ਉਸ ਵਿਰੁੱਧ ਕੋਈ ਸ਼ਿਕਾਇਤ ਹੈ ।ਸਭ ਕੁਝ ਪੁਲਿਸ ਵੱਲੋਂ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ।