
ਵਾਸ਼ਿੰਗਟਨ (13 ਨਵੰਬਰ, 2014): ਅਮਰੀਕਾ ਦੀ ਹੋਫਸਟਰਾ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀ ਇਕਨੂਰ ਸਿੰਘ ਨੂੰ ਅਮਰੀਕੀ ਫੌਜ ’ਚ ਕੰਮ ਕਰਨ ਦੀ ਇਜ਼ਾਜ਼ਤ ਨਹੀਂ ਮਿਲੀ। ਉਸ ਨੂੰ ਸਿੱਖ ਹੋਣ ਕਾਰਣ ਰਿਜ਼ਰਵ ਆਫਿਸਰ ਟਰੇਨਿੰਗ ਕੋਰ (ਆਰਓਟੀਸੀ) ’ਚ ਇਸ ਲਈ ਦਾਖਲਾ ਨਹੀਂ ਦਿੱਤਾ ਗਿਆ। ਫੌਜੀ ਅਧਿਕਾਰੀਆਂ ਨੇ ਉਸਨੂੰ ਕਿਹਾ ਕਿ ਜੇਕਰ ਉਹ ਟਰੇਨਿੰਗ ਵਿੱਚ ਦਾਖਲਾ ਚਾਹੁੰਦਾ ਹੈ ਤਾਂ ਉਸਨੂੰ ਦਾਹੜੀ ਕੇਸ ਕਟਾਉਣੇ ਪੈਣਗੇ।
ਅਮਰੀਕੀ ਫੌਜੀ ਅਧਿਕਾਰੀਆਂ ਦੇ ਇਸ ਫੈਸਲੇ ਤੋਂ ਨਿਰਾਜ਼ ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਨ ਵਾਲੀਆਂ ਦੋ ਜਥੇਬੰਦੀਆਂ ਨੇ ਇਹ ਮਾਮਲਾ ਅਦਾਲਤ ’ਚ ਪਾ ਦਿੱਤਾ ਹੈ।
ਯੂਨਾਈਟਿਡ ਸਿੱਖ ਐਂਡ ਅਮਰੀਕਾ ਸਿਵਲ ਲਿਬਰਟੀਜ਼ ਯੂਨੀਅਨ (ਏਸੀਐਲਯੂ) ਵੱਲੋਂ ਅਮਰੀਕਾ ਦੀ ਜ਼ਿਲ੍ਹਾ ਅਦਾਲਤ ’ਚ ਫੌਜ ਖ਼ਿਲਾਫ਼ ਕੇਸ ਦਾਖਲ ਕੀਤਾ ਹੈ। ਜਥੇਬੰਦੀ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਹ ਇਕਨੂਰ ਸਿੰਘ ਨੂੰ ਆਰਓਟੀਸੀ ’ਚ ਦਾਖਲੇ ਲਈ ਫੌਜੀ ਅਧਿਕਾਰੀਆਂ ਨੂੰ ਹਦਾਇਤ ਕਰੇ।
ਯੂਨਾਈਟਿਡ ਸਿੱਖਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਕਨੂਰ ਸਿੰਘ ਨੇ ਧਰਮ ਦੀ ਬੇਅਦਬੀ ਕੀਤੇ ਬਿਨਾਂ ਉਸ ਨੂੰ ਦਾਖਲਾ ਦੇਣ ਦੀ ਮੰਗ ਕੀਤੀ ਸੀ ਪਰ ਅਧਿਕਾਰੀਆਂ ਨੇ ਇਸ ਫਰਿਆਦ ਨੂੰ ਨਕਾਰ ਦਿੱਤਾ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਫੌਜ ਦਾ ਇਹ ਰਵੱਈਆ ਧਾਰਮਿਕ ਆਜ਼ਾਦੀ ਬਹਾਲੀ ਐਕਟ ਦੀ ਉਲੰਘਣਾ ਹੈ।
ਯੂਨਾਈਟਿਡ ਸਿੱਖਸ ਦੇ ਵਕੀਲ ਮਨਮੀਤ ਸਿੰਘ ਨੇ ਕਿਹਾ ਕਿ ਧਰਮ ਦੇ ਆਧਾਰ ’ਤੇ ਇਕਨੂਰ ਸਿੰਘ ਨੂੰ ਆਰਓਟੀਸੀ ’ਚ ਭਰਤੀ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ।