ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਪਰਮਜੀਤ ਕੌਰ ਖਾਲੜਾ (ਸਰਪ੍ਰਸਤ), ਸਤਵਿੰਦਰ ਸਿੰਘ ਪਲਾਸੋਰ (ਬੁਲਾਰਾ), ਵਿਰਸਾ ਸਿੰਘ ਬਹਿਲਾ (ਮੀਤ ਪ੍ਰਧਾਨ), ਸਤਵੰਤ ਸਿੰਘ ਮਾਣਕ (ਕੇਂਦਰੀ ਕਮੇਟੀ ਮੈਂਬਰ), ਪਰਵੀਨ ਕੁਮਾਰ (ਪ੍ਰਚਾਰਕ ਸਕੱਤਰ) ਦੇ ਹਸਤਾਖਰ ਹੇਠ ਜਾਰੀ ਇਕ ਲਿਖਤੀ ਬਿਆਨ ‘ਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਸਿੱਖ ਪੰਥ ਅੱਜ ਵੱਡੇ ਸਾਹਿਬਜਾਦਿਆਂ ਦੀਆਂ ਮਹਾਨ ਸ਼ਹਾਦਤਾਂ ਅੱਗੇ ਨਤਮਸਤਕ ਹੋ ਰਿਹਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਜ਼ੁਲਮੀ ਰਾਜ ਨੂੰ ਟੱਕਰ ਨੂੰ ਯਾਦ ਕਰ ਰਿਹਾ ਹੈ।
ਗੁਰੂ ਸਾਹਿਬਾਨ ਦਾ ਸੰਘਰਸ਼ ਦੱਬਿਆਂ ਕੁਚਲਿਆਂ ਲਈ, ਜਾਤ-ਪਾਤ ਦੇ ਖਾਤਮੇ ਲਈ, ਮਨੁੱਖੀ ਬਰਾਬਰਤਾ ਲਈ, ਨਿਮਾਣਿਆਂ, ਨਿਤਾਣਿਆਂ ਲਈ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਅਜੋਕੇ ਦੌਰ ‘ਚ ਵੀ ਨੇਕੀ ਦਾ ਬਦੀ ਦੇ ਖਿਲਾਫ, ਸੱਚ ਦਾ ਝੂਠ ਦੇ ਖਿਲਾਫ, ਮਜ਼ਲੂਮ ਦਾ ਜਾਲਮ ਦੇ ਖਿਲਾਫ ਸੰਘਰਸ਼ ਚੱਲ ਰਿਹਾ ਹੈ।

ਜਾਰੀ ਬਿਆਨ ‘ਚ ਅੱਗੇ ਕਿਹਾ ਗਿਆ ਕਿ ਹੁਣ ਜਦੋਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਬਾਦਲ, ਕੈਪਟਨ, ਕੇਜਰੀਵਾਲ ਸਿੱਖਾਂ ਦੀ ਨਸਲਕੁਸ਼ੀ ਅਤੇ ਝੂਠੇ ਮੁਕਾਬਲਿਆਂ ਨੂੰ ਚੋਣ ਏਜੰਡਾ ਨਹੀਂ ਬਣਨ ਦੇਣਾ ਚਾਹੁੰਦੇ। ਇਨ੍ਹਾਂ ਧਿਰਾਂ ਵੱਲੋਂ ਕੀਤੀ ਯੋਜਨਾਬੰਦੀ ਕਾਰਨ ਗੁਰਾਂ ਦੇ ਨਾਮ ‘ਤੇ ਵੱਸਦੇ ਪੰਜਾਬ ਦੇ ਬੁਨਿਆਦੀ ਮੁੱਦੇ ਮਨਫੀ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੀ ਆ ਰਹੀ ਚੋਣ ਬਾਦਲ, ਕੈਪਟਨ, ਕੇਜਰੀਵਾਲ ਦੇ ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ।
ਕੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਥਾਣੇ ਅੰਦਰ ਹੋਏ ਕਤਲ ਬਾਰੇ ਜਾਣਨ ਦਾ ਸਿੱਖ ਪੰਥ ਨੂੰ ਕੋਈ ਹੱਕ ਨਹੀਂ ਹੈ? ਕੀ ਸਿੱਖ ਪੰਥ ਨੂੰ ਇਹ ਜਾਣਨ ਦਾ ਹੱਕ ਨਹੀਂ ਹੈ ਕਿ ਬਾਦਲ ਦੀ ਪੁਲਿਸ ਅੱਜ ਤਾਈਂ ਵੀ ਭਾਈ ਕਾਉਂਕੇ ਨੂੰ ਭਗੌੜਾ ਕਿਉਂ ਮੰਨ ਰਹੀ ਹੈ? ਕੀ ਸਿੱਖ ਪੰਥ ਨੂੰ ਜਾਣਨ ਦਾ ਹੱਕ ਨਹੀਂ ਹੈ ਕਿ ਅਕਾਲ ਤਖਤ ਸਾਹਿਬ ‘ਤੇ ਹਮਲੇ ਦੀ ਯੋਜਨਾਬੰਦੀ ਵਿੱਚ ਸ਼ਾਮਿਲ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਕਤਲ ਉੱਪਰ ਮਿੱਟੀ ਪਾਉਣ ਵਾਲੇ ਲੋਕ ਅਕਾਲ ਤਖਤ ਸਾਹਿਬ ਤੋਂ ਹੀ ਕਿਵੇਂ ‘ਫਖਰ-ਏ-ਕੌਮ’ ਬਣ ਗਏ? ਦਰਅਸਲ ਇਹ ਧਿਰਾਂ ਚਾਹੁੰਦੀਆਂ ਹਨ ਕਿ ਅਕਾਲ ਤਖ਼ਤ ਸਾਹਿਬ ਉੱਪਰ ਹੋਈ ਤੋਪਾਂ, ਟੈਂਕਾਂ ਨਾਲ ਬੰਬਾਰੀ ਦੀ ਯੋਜਨਾਬੰਦੀ ਵਿੱਚ ਸ਼ਾਮਿਲ ਗੁਨਾਹਗਾਰ ਨੰਗੇ ਨਾ ਹੋਣ। ਇਹ ਚਾਹੁੰਦੇ ਹਨ ਕਿ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਦਾ ਮੁੱਦਾ ਚੋਣ ਏਜੰਡਾ ਨਾ ਬਣੇ।
ਅੱਜ ਜਦੋਂ ਸਿੱਖ ਪੰਥ ਹਰੀਕੇ ਵਿਖੇ ਰੋੜ੍ਹੀਆਂ ਗਈਆਂ (ਨੌਜਵਾਨਾਂ, ਧੀਆਂ, ਭੈਣਾਂ, ਬਜ਼ੁਰਗਾਂ, ਬੱਚਿਆਂ ਦੀਆਂ) ਲਾਸ਼ਾਂ ਦਾ ਹਿਸਾਬ ਮੰਗ ਰਿਹਾ ਹੈ ਤਾਂ ਬਾਦਲਕੇ ਕਹਿ ਰਹੇ ਹਨ ਕਿ ਲਾਸ਼ਾਂ ਦੀ ਗੱਲ ਛੱਡੋ ਪਾਣੀ ਵਾਲੀ ਬੱਸ ਵੇਖੋ। ਸਿੱਖ ਪੰਥ ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲੇ ਦੀ ਪੜਤਾਲ ਦੀ ਮੰਗ ਕਰ ਰਿਹਾ ਹੈ ਤਾਂ ਇਹ ਲੋਕ ਦਰਬਾਰ ਸਾਹਿਬ ਚੌਗਿਰਦੇ ਦੇ ਸੁੰਦਰੀਕਰਨ ਦੀਆਂ ਗੱਲਾਂ ਕਰ ਰਹੇ ਹਨ ਗੁਰੂ ਸਾਹਿਬਾਨਾਂ ਦੀ ਵਿਰਾਸਤ ਖਤਮ ਕਰਕੇ ਵਿਰਾਸਤ ਸਾਂਭਣ ਦੇ ਦਾਅਵੇ ਹੋ ਰਹੇ ਹਨ। ਜਦੋਂ 20-25 ਸਾਲ ਤੋਂ ਬੰਦੀ ਸਿੱਖਾਂ ਦੀ ਜੇਲ੍ਹਾਂ ਵਿੱਚੋਂ ਰਿਹਾਈ ਦੀ ਮੰਗ ਹੁੰਦੀ ਹੈ ਤਾਂ ਝੂਠੀਆਂ ਕਹਾਣੀਆਂ ਪਾ ਕੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ।

ਇਹ ਧਿਰਾਂ ਨਹੀਂ ਚਾਹੁੰਦੀਆਂ ਕਿ ਸਿੱਖ ਬੀਬੀ ਗੁਰਮੇਜ ਕੌਰ ਮਾਨੋਚਾਹਲ ਦੇ ਸੀ.ਆਈ.ਏ. ਸਟਾਫ ਤਰਨ ਤਾਰਨ ਵਿਖੇ ਢਾਹੇ ਤਸ਼ਦੱਦ ਬਾਰੇ ਸਵਾਲ ਪੁੱਛੇ। ਸੱਤਾ ‘ਤੇ ਕਾਬਜ਼ ਕਦੇ ਨਹੀਂ ਚਾਹੁਣਗੇ ਕਿ ਮਾਤਾ ਮਹਿੰਦਰ ਕੌਰ ਪੰਜਵੜ ਨੂੰ ਘਰ ਤੋਂ ਚੁੱਕ ਕੇ ਥਾਣੇ ਅੰਦਰ ਬੇਇੱਜ਼ਤ ਕਰਨ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਦਾ ਕੀ ਬਣਿਆ। ਇਹ ਚਾਹੁੰਦੇ ਹਨ ਸਿੱਖ ਪੰਥ ਚੁੱਪ ਵੱਟ ਜਾਵੇ ਕਿਲੀ ਬੋਦਲਾਂ ਕਾਂਡ ਬਾਰੇ ਜਿਸ ਵਿੱਚ 90 ਸਾਲਾਂ ਬੀਬੀ ਇਕਬਾਲ ਕੌਰ, 45 ਸਾਲਾਂ ਬੀਬੀ ਲਖਵਿੰਦਰ ਕੌਰ, 26 ਸਾਲਾਂ ਬੀਬੀ ਮਨਜੀਤ ਕੌਰ, 40 ਸਾਲਾਂ ਜਸਵਿੰਦਰ ਕੌਰ ਬੇਰਹਿਮੀ ਨਾਲ ਕਤਲ ਕਰ ਦਿੱਤੀਆਂ ਗਈਆਂ ਬਾਰੇ ਕੋਈ ਚਰਚਾ ਨਾ ਹੋਵੇ। ਇਹ ਚੁੱਪ ਚਾਹੁੰਦੇ ਭਾਈ ਜਟਾਣੇ ਦੇ ਪਰਿਵਾਰ ਦੇ ਕਤਲਾਂ ਬਾਰੇ ਅਤੇ ਸ਼ਮਸ਼ਾਨ ਘਾਟਾਂ ਅੰਦਰ ਸਮੁੱਚੇ ਪੰਜਾਬ ਅੰਦਰ ਸਾੜੀਆਂ ਲਵਾਰਿਸ ਲਾਸ਼ਾ ਬਾਰੇ।
ਮਈ 1998 ਵਿੱਚ ਇੱਕ ਜ਼ਿਲ੍ਹੇ ਦੇ ਐਸ.ਐਸ.ਪੀ. ਨੇ ਰਾਮ ਨਰਾਇਣ ਕੁਮਾਰ ਨਾਲ ਇੰਟਰਵਿਊ ਵਿੱਚ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਬਾਰੇ ਖੁਲਾਸਾ ਇਸ ਤਰ੍ਹਾਂ ਕੀਤਾ ਹੈ। ਐਸ.ਐਸ.ਪੀ. ਮੁਤਾਬਕ ਉਹ ਲੰਮਾ ਸਮਾਂ ਜਗਰਾਉਂ ਵਿੱਚ ਲੱਗਾ ਰਿਹਾ ਹੈ, ਸੀ.ਆਈ.ਏ. ਸਟਾਫ ਨੇ ਕਈ ਵਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੂੰ ਕਈ ਵਾਰ ਇੰਟੈਰੋਗੇਟ ਕੀਤਾ ਗਿਆ ਪਰ ਉਨ੍ਹਾਂ ਪਾਸੋ ਕੋਈ ਗੈਰ-ਕਾਨੂੰਨੀ ਹਥਿਆਰ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਕੋਈ ਜੁਰਮ ਸਾਬਤ ਹੋਇਆ। ਅਨਿਲ ਸ਼ਰਮਾ ਤੇ ਸ਼ਿਵ ਕੁਮਾਰ ਐਸ.ਪੀ. ਨੇ ਉਨ੍ਹਾਂ ਨੂੰ ਇੰਟੈਰੋਗੇਟ ਕੀਤਾ। ਮੈਂ ਅਨਿਲ ਕੁਮਾਰ ਨੂੰ ਕਹਿੰਦਾ ਸੀ ਕਿ ਭਾਈ ਕਾਉਂਕੇ ਦੀ ਪੜਤਾਲ ਕਰੋ ਪਰ ਉਨ੍ਹਾਂ ਨਾਲ ਬੁਰਾ ਵਰਤਾਉ ਨਾ ਕਰੋ। ਉਨ੍ਹਾਂ ਦੇ ਪਿੰਡ ਸੀ.ਆਰ.ਪੀ.ਐਫ. ਦੀ ਚੋਂਕੀ ਵੀ ਸਥਾਪਿਤ ਕੀਤੀ ਗਈ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਸਵਰਨ ਸਿੰਘ ਐਸ.ਐਸ.ਪੀ. ਨੂੰ ਸ਼ੱਕ ਸੀ ਕਿ ਉਸ ਕੋਲ ਹਥਿਆਰਾਂ ਦੀ ਖੇਪ ਆਈ ਹੈ। ਉਸਨੇ ਐਸ.ਐਚ.ਓ. ਗੁਰਮੀਤ ਸਿੰਘ ਨੂੰ ਗਾਲ੍ਹਾਂ ਕੱਢੀਆਂ ਕਿ ਭਾਈ ਕਾਉਂਕੇ ਨੂੰ ਗ੍ਰਿਫਤਾਰ ਕਰਕੇ ਇੰਟੈਰੋਗੇਟ ਕਿੳੇੁਂ ਨਹੀਂ ਕਰਦਾ। ਉਹ ਦੱਸਦੇ ਹਨ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਖਿਲਾਫ ਕੋਈ ਸਬੂਤ ਨਹੀਂ ਸੀ। ਉਨ੍ਹਾਂ ਦੇ ਸੱਤ ਜਾਂ ਅੱਠ ਬੱਚੇ ਸਨ। ਉਨ੍ਹਾਂ ਕੋਲ 12 ਬੋਰ ਦੀ ਰਾਈਫਲ ਵੀ ਬਰਾਮਦ ਨਹੀਂ ਸੀ ਹੋਈ। ਮੈਂ ਪੁੱਛਦਾ ਸਾਂ ਕਿ ਉਨ੍ਹਾਂ ਨੂੰ ਤਸੀਹੇ ਕਿਉਂ ਦਿੱਤੇ ਜਾ ਰਹੇ ਹਨ ਜਦੋਂ ਉਨ੍ਹਾਂ ਦਾ ਕਿਸੇ “ਅੱਤਵਾਦੀ” ਕਾਰਵਾਈ ਨਾਲ ਕੋਈ ਸੰਬੰਧ ਨਹੀਂ ਹੈ। ਰਾਮ ਨਰਾਇਣ ਕੁਮਾਰ ਦੇ ਸਵਾਲ ਵਿੱਚ ਐਸ.ਐਸ.ਪੀ. ਦਾ ਜਵਾਬ ਸੀ ਕਿ ਹਰਭਗਵਾਨ ਸੋਢੀ ਡੀ.ਐਸ.ਪੀ. (ਡੀ) ਸੀ। ਜਿਸਨੇ ਸੀ.ਆਈ.ਏ. ਸਟਾਫ ਵਿੱਚ ਭਾਈ ਕਾੳੇੁਂਕੇ ਨੂੰ ਤਸੀਹੇ ਦਿੱਤੇ। ਮੈਂ ਸਵਰਨ ਸਿੰਘ ਐਸ.ਐਸ.ਪੀ. ਨੂੰ ਦੱਸਿਆ ਕਿ ਉਹ ਸੋਢੀ ਨਾਲ ਕੰਮ ਨਹੀਂ ਕਰ ਸਕਦਾ। ਉਹ ਰੋਜ਼ਾਨਾ ਬੰਦੇ ਮਾਰਦਾ ਸੀ ਅਤੇ ਪਾਣੀ ਵਿੱਚ ਸੁੱਟਦਾ ਸੀ। ਉਹ ਰਾਜਕੋਟ ਜਾਂ ਸਿੰਧਵਾਂ ਦੇ ਐਸ.ਐਚ.ਓ. ਨੂੰ ਸੱਦ ਕੇ ਲਾਸ਼ਾ ਠਿਕਾਣੇ ਲਵਾਉਂਦਾ ਸੀ। ਉਹ ਬੜਾ ਭ੍ਰਿਸ਼ਟ ਸੀ ਐਸ.ਐਸ.ਪੀ. ਮੁਤਾਬਿਕ ਜਦੋਂ ਕਾਉਂਕੇ ਨੂੰ ਗ੍ਰਿਫਤਾਰ ਕੀਤਾ ਤਾਂ 3 ਲਾਇਸੈਂਸੀ ਹਥਿਆਰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਏ। ਕੋਈ ਗੈਰ-ਕਾਨੂੰਨੀ ਚੀਜ਼ ਨਹੀਂ ਮਿਲੀ। ਭਾਈ ਕਾਉਂਕੇ ਨੂੰ 31 ਦਸੰਬਰ 1992 ਨੂੰ ਸਦਰ ਪੁਲਿਸ ਸਟੇਸ਼ਨ ਵਿੱਚ ਲਿਆਂਦਾ ਗਿਆ ਉਸਦੀ ਹਾਲਤ ਬਹੁਤ ਮਾੜੀ ਸੀ।
ਜਦੋਂ ਸਦਰ ਪੁਲਿਸ ਸਟੇਸ਼ਨ ਵਿੱਚ ਸਨ ਤਾਂ ਗੁਰਮੀਤ ਸਿੰਘ ਐਸ.ਐਚ.ਓ. ਨੇ ਤਰਸ ਖਾ ਕੇ ਉਨ੍ਹਾਂ ਉੱਪਰ ਕੰਬਲ ਦੇ ਦਿੱਤਾ ਅਤੇ ਉਨ੍ਹਾਂ ਦੀ ਕੋਠੜੀ ਵਿੱਚ ਹੀਟਰ ਲਾ ਦਿੱਤਾ। ਜਦੋਂ ਸਵਰਨ ਸਿੰਘ ਨੂੰ ਪਤਾ ਲੱਗਾ ਤਾਂ ਉਹਨੇ ਐਸ.ਐਚ.ਓ. ਨੂੰ ਗਾਲ੍ਹਾਂ ਕੱਢਦਿਆਂ ਕਿਹਾ ਕਿ “ਇਹ ਤੇਰਾ ਬਾਪ ਲੱਗਦਾ ਹੈ ਇਸਨੂੰ ਕੰਬਲ ਅਤੇ ਹੀਟਰ ਦਿੱਤਾ ਹੈ” ਸੋਢੀ ਨੇ ਫਿਰ ਉਸਨੂੰ ਤਸੀਹੇ ਦਿੱਤੇ। ਸੋਢੀ ਅਤੇ ਚੰਨਣ ਸਿੰਘ ਨੇ ਉਨ੍ਹਾਂ ਨੂੰ ਠੁੱਡੇ ਮਾਰਨੇ ਸ਼ੁਰੂ ਕੀਤੇ। ਉਨ੍ਹਾਂ ਦੇ ਸਰੀਰ ਵਿੱਚੋਂ ਖੂਨ ਬੁਰੀ ਤਰ੍ਹਾਂ ਵਹਿ ਰਿਹਾ ਸੀ। ਸਵਰਨ ਸਿੰਘ ਨੇ ਭਾਈ ਕਾਉਂਕੇ ਉੱਪਰ ਦਿੱਤਾ ਕੰਬਲ ਲਾ ਦਿੱਤਾ। ਮੈ ਵੀ ਉਸ ਸਮੇਂ ਉੱਥੇ ਸੀ। ਸਵਰਨ ਸਿੰਘ ਨੇ ਮੈਨੂੰ ਟਾਂਚ ਲਗਾਈ “ਤੁਹਾਡੇ ਜੱਥੇਦਾਰ ਦਾ ਪਿਸ਼ਾਬ ਨਿਕਲ ਗਿਆ” ਮੈ ਕਿਹਾ ਪਿਸ਼ਾਬ ਨਹੀ ਖੂਨ ਨਿਕਲ ਰਿਹਾ ਹੈ, ਜਾਨ ਵੀ ਨਿਕਲ ਜਾਵੇਗੀ ਇਹ ਭਾਣਾ 1 ਜਨਵਰੀ 1993 ਨੂੰ ਵਾਪਰਿਆ। ਭਾਈ ਕਾਉਂਕੇ ਨੂੰ ਸਿੰਧਵਾਂ ਤਬਦੀਲ ਕੀਤਾ ਗਿਆ। ਮੈਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਲਾਸ਼ ਬਾਅਦ ਵਿੱਚ ਸਤਲੁਜ ਦਰਿਆ ਵਿੱਚ ਰੋੜ ਦਿੱਤੀ ਗਈ ਸੀ। 3 ਜਨਵਰੀ 1993 ਨੂੰ ਪੁਲਿਸ ਨੇ ਐਲਾਨ ਕੀਤਾ ਕਿ ਭਾਈ ਕਾਉਂਕੇ ਪੁਲਿਸ ਹਿਰਾਸਤ ਵਿੱਚੋਂ ਦੌੜ ਗਏ ਹਨ।
ਬਾਦਲ ਦੀ ਸਰਕਾਰ ਨੇ ਬੀ.ਪੀ. ਤਿਵਾੜੀ ਕਮੇਟੀ ਬਣਾ ਕੇ ਰਿਪੋਰਟ ਜਨਤਕ ਨਹੀਂ ਕੀਤੀ। ਅੱਜ ਤੱਕ ਵੀ ਬਾਦਲ ਦੀ ਸਰਕਾਰ ਨੇ ਭਾਈ ਕਾਉਂਕੇ ਦੇ ਕਾਤਲਾਂ ਨੂੰ ਬਚਾ ਕੇ ਮਹਾ ਪਾਪ ਕੀਤਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਰਾਮ ਨਰਾਇਣ ਕੁਮਾਰ ਹੁਰਾਂ ਨੇ ਪੁਲਿਸ ਦੇ ਇੱਕ ਮੁਲਾਜ਼ਮ ਦਰਸ਼ਨ ਸਿੰਘ ਨਾਲ ਵੀ ਇੰਟਰਵਿਊ ਕੀਤੀ ਜਿਸ ਵਿੱਚ ਉਨ੍ਹਾਂ ਦੱਸਿਆਂ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ 25 ਦਸੰਬਰ 1993 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਥਾਣੇ ਅੰਦਰ ਸਵਰਨ ਸਿੰਘ ਐਸ.ਐਸ.ਪੀ. ਅਤੇ ਹੋਰਨਾਂ ਨੇ ਉਨ੍ਹਾਂ ਉੱਪਰ ਬੁਰੀ ਤਰ੍ਹਾਂ ਤਸ਼ੱਦਦ ਢਾਹਿਆ ਅਤੇ ਸ਼ਹੀਦ ਕਰ ਦਿੱਤਾ।
ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਦਾਤ ਉੱਪਰ ਪਰਦਾ ਪਾਉਣਾ ਅਤੇ ਗੁਨਾਹਗਾਰਾਂ ਨੂੰ ਬਚਾਉਣਾ ਵੀ ਪਾਪ ਹੈ ਅਤੇ ਅਕਾਲ ਤਖਤ ਸਾਹਿਬ ਤੋਂ ਫਖਰ-ਏ-ਕੌਮ ਦਾ ਖਿਤਾਬ ਦੇਣਾ ਵੀ ਪਾਪ ਹੈ ਸਿੱਖ ਪੰਥ ਨੂੰ ਆਉਣ ਵਾਲੇ ਸਮੇਂ ਵਿੱਚ ਇਹ ਸਵਾਲ ਜ਼ਰੂਰ ਕਰਨਾ ਚਾਹੀਦਾ ਹੈ।