ਫ਼ਰੀਦਕੋਟ (11 ਸਤੰਬਰ 2014): ਨਜ਼ਾਇਜ ਅਸਲੇ ਦੇ ਕੇਸ ਵਿੱਚ ਗ੍ਰਿਫਤਾਰ ਬਾਬਾ ਦਾਦੂਵਾਲ ਨੂੰ ਅੱਜ ਸਥਾਨਕ ਵਧੀਕ ਸੈਸ਼ਨ ਜੱਜ ਕਰਨੈਲ ਸਿੰਘ ਦੀ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰਦਿਆਂ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਦੋ ਸਾਥੀਆਂ ਰਣਬੀਰ ਸਿੰਘ ਤੇ ਰਜਿੰਦਰ ਸਿੰਘ ਨੂੰ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਦਰਜ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ।
ਦੱਸਣਯੋਗ ਹੈ ਕਿ ਜੈਤੋ ਪੁਲੀਸ ਨੇ 21 ਅਗਸਤ ਨੂੰ ਬਾਬਾ ਦਾਦੂਵਾਲ ਅਤੇ ਉਸ ਦੇ ਦੋ ਸੇਵਾਦਾਰਾਂ ਨੂੰ ਪਿੰਡ ਸੇਵੇਵਾਲਾ ਕੋਲੋਂ ਇੱਕ ਨਾਕੇ ਦੌਰਾਨ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 10 ਹਥਿਆਰ ਬਰਾਮਦ ਕੀਤੇ ਸਨ।
ਅੱਜ ਜ਼ਮਾਨਤ ਦੀ ਅਰਜ਼ੀ ’ਤੇ ਹੋਈ ਬਹਿਸ ਦੌਰਾਨ ਬਾਬਾ ਦਾਦੂਵਾਲ ਦੇ ਵਕੀਲ ਕੁਲਇੰਦਰ ਸਿੰਘ ਸੇਖੋਂ ਨੇ ਅਦਾਲਤ ਸਾਹਮਣੇ ਅੱਠ ਹਥਿਆਰਾਂ ਦੇ ਲਾਇਸੈਂਸ ਪੇਸ਼ ਕੀਤੇ, ਜੋ ਡੀ.ਸੀ. (ਬਠਿੰਡਾ) ਵੱਲੋਂ ਬਾਬਾ ਦਾਦੂਵਾਲ, ਰਜਿੰਦਰ ਸਿੰਘ ਅਤੇ ਰਣਬੀਰ ਸਿੰਘ ਨੂੰ ਇਸੇ ਸਾਲ ਜਾਰੀ ਕੀਤੇ ਗਏ ਹਨ। ਸਰਕਾਰੀ ਵਕੀਲ ਅੰਮ੍ਰਿਤਪਾਲ ਸਿੰਘ ਬਰਾੜ ਨੇ ਅਦਾਲਤ ਨੂੰ ਦੱਸਿਆ ਕਿ ਬਾਬਾ ਦਾਦੂਵਾਲ ਕੋਲੋਂ ਦੋ ਬਿਨਾਂ ਲਾਇਸੈਂਸੀ ਹਥਿਆਰ ਵੀ ਬਰਾਮਦ ਹੋਏ ਹਨ। ਬਹਿਸ ਦੌਰਾਨ ਡੀ.ਐੱਸ.ਪੀ. ਸੁਖਦੇਵ ਸਿੰਘ, ਬਾਬਾ ਦਾਦੂਵਾਲ ਖ਼ਿਲਾਫ਼ ਕੋਈ ਵੱਡਾ ਦੋਸ਼ ਸਾਬਤ ਨਹੀਂ ਕਰ ਸਕੇ।
ਅਦਾਲਤ ਨੇ ਇਸ ਮਾਮਲੇ ਵਿੱਚ ਦੋਹਾਂ ਧਿਰਾਂ ਦੀ ਬਹਿਸ ਉਪਰੰਤ ਬਾਬਾ ਦਾਦੂਵਾਲ ਅਤੇ ਉਸ ਦੇ ਦੋਵੇਂ ਸੇਵਾਦਾਰਾਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਦੱਸਣਯੋਗ ਹੈ ਕਿ ਬਾਬਾ ਦਾਦੂਵਾਲ ਖ਼ਿਲਾਫ਼ ਫ਼ਰੀਦਕੋਟ ਅਤੇ ਮਾਨਸਾ ਵਿੱਚ ਨਾਜਾਇਜ਼ ਅਸਲਾ ਰੱਖਣ ਅਤੇ ਇਰਾਦਾ ਕਤਲ ਦੇ ਕੁੱਲ ਚਾਰ ਪਰਚੇ ਦਰਜ ਹਨ।
ਨਾਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਸਬੰਧੀ ਦਰਜ ਕੇਸ ਵਿੱਚੋਂ ਜ਼ਮਾਨਤ ਮਿਲਣ ਦੇ ਬਾਵਜੂਦ ਬਾਬਾ ਦਾਦੂਵਾਲ ਜੇਲ੍ਹ ਵਿੱਚੋਂ ਰਿਹਾਅ ਨਹੀਂ ਹੋ ਸਕਣਗੇ ਕਿਉਂਕਿ ਉਨ੍ਹਾਂ ਖਿਲਾਫ਼ ਤਿੰਨ ਹੋਰ ਕੇਸ ਦਰਜ ਹਨ। ਵਕੀਲ ਕੁਲਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਬਾਕੀ ਕੇਸਾਂ ਵਿੱਚ ਜ਼ਮਾਨਤ ਲੈਣ ਲਈ ਉਹ ਕਾਨੂੰਨੀ ਚਾਰਾਜੋਈ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਬਦਲੇ ਦੀ ਭਾਵਨਾ ਨਾਲ ਝੂਠੇ ਪਰਚੇ ਦਰਜ ਕੀਤੇ ਹਨ ਅਤੇ ਇਨ੍ਹਾਂ ਕੇਸਾਂ ਵਿੱਚ ਬਾਬਾ ਦਾਦੂਵਾਲ ਨੂੰ ਜਲਦੀ ਜ਼ਮਾਨਤ ਮਿਲਣ ਦੀ ਸੰਭਾਵਨਾ ਹੈ।