ਲੁਧਿਆਣਾ (8 ਸਤੰਬਰ, 2014): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਪਰ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਰੋਸ ਵਜੋ ਜੁੱਤੀ ਸੁੱਟਣ ਵਾਲੇ ਵਿਕਰਮ ਧਨੌਲਾ ਦੀ ਅੱਜ ਲੁਧਿਆਣਾ ਦੇ ਅਡਿਸਨਲ ਸੈਸ਼ਨ ਜੱਜ ਨੇ ਜਮਾਨਤ ਮਨਜ਼ੂਰ ਕਰ ਦਿਤੀ ਹੈ ਪਰ ਮੌਕੇ ਤੇ ਜਮਾਨਤੀ ਨਾ ਹੋਣ ਕਰਕੇ ਉਹ ਅੱਜ ਜੇਲ ਵਿਚ ਹੀ ਰਹਿਣਗੇ।
ਮਿਲੀ ਜਾਣਕਾਰ ਅਨੁਸਾਰ ਪੁਲਿਸ ਨੇ ਜ਼ਮਾਨਤ ਨੂੰ ਰੋਕਣ ਲਈ ਪੂਰਾ ਜ਼ੋਰ ਲਾਇਆ, ਪਰ ਅਦਾਲਤ ਨੇ ਵਿਕਰਮ ਦੇ ਵਕੀਲ਼ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਜ਼ਮਾਨਤ ਮਨਜ਼ੂਰ ਕਰ ਲਈ। ਵਿਕਰਮ ਧਨੌਲਾ ਦੇ ਵਜੋਂ ਵਕੀਲ ਸਾਬਕਾ ਐਮ ਪੀ ਰਾਜਬੀਰ ਸਿੰਘ ਖਾਲਸਾ ਪੇਸ ਹੋਏ, ਜਿਸ ਦੀਆਂ ਦਲੀਲਾਂ ਨੂੰ ਸੁਣ ਕੇ ਮਾਨਯੋਗ ਅਦਾਲਤ ਨੇ ਵਿਕਰਮ ਧਨੌਲਾ ਦੀ ਜਮਾਨਤ ਮਨਜੂਰ ਕਰ ਦਿਤੀ ਹੈ, ਕੱਲ ਉਸ ਨੂੰ ਰਿਹਾਅ ਕਰਾਉਣ ਲਈ ਇਕ ਜਮਾਨਤੀ ਦੀ ਲੋੜ ਹੋਵੇਗੀ, ਤੇ ਜਾਤੀ ਮੁਚਲਕਾ ਭਰਨਾ ਪਵੇਗਾ।
ਅੱਜ ਉਸ ਨੂੰ ਜਮਾਨਤੀ ਨਾ ਮਿਲਣ ਕਰਕੇ ਉਹ ਇਕ ਰਾਤ ਹੋਰ ਨਜਾਇਜ਼ ਜੇਲ ਵਿਚ ਰਹਿਣ ਲਈ ਮਜਬੂਰ ਹੋਵੇਗਾ। ਵਿਕਰਮ ਦੀ ਪਤਨੀ ਨਿਸ਼ਾ ਨੇ ਕਿਹਾ ਕਿ ਅੱਜ ਸਾਡੇ ਕੋਲ ਜਮਾਨਤੀ ਨਹੀਂ ਸੀ ਪਰ ਕੱਲ ਅਸੀਂ ਜਮਾਨਤੀ ਲੈ ਜਾਵਾਂਗੇ ਤਾਂ ਹੀ ਕੱਲ ਸਾਂਮ ਤੱਕ ਵਿਕਰਮ ਜੇਲ ਵਿਚੇ ਰਿਹਾਅ ਹੋ ਸਕਣਗੇ।
ਜਿਕਰਯੋਗ ਹੈ ਕਿ ਵਿਕਰਮ ਨੇ ਇਸੜੂ ਵਿਖੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਕੇਤਕ ਜੁੱਤੀ ਮਾਰੀ ਸੀ, ਜਿਸ ਕਰਕੇ ਉਸ ਨੂੰ ਗਿ੍ਫਤਾਰ ਕੀਤਾ ਗਿਆ ਸੀ, ਪਰ ਪੁਲਿਸ ਵੱਲੋਂ ਉਸ ਉੱਪਰ ਪੁਲਿਸ ਕਰਮਚਾਰੀ ਦੀ ਵਰਦੀ ਪਾੜਨ ਸਮੇਤ ਹੋਰ ਸਖਤ ਧਾਰਾਵਾਂ ਲਾ ਦਿੱਤੀਆਂ ਸਨ, ਜਿਸ ਕਰਕੇ ਉਸਦੇ ਜਲਦੀ ਰਿਹਾਅ ਹੋਣ ਦੀ ਸੰਭਾਵਨਾ ਘੱਟ ਪ੍ਰਗਟਾਈ ਜਾ ਰਹੀ ਸੀ ਪਰ ਅੱਜ ਮਾਨਯੋਗ ਅਦਾਲਤ ਨੇ ਉਸ ਦੀ ਜਮਾਨਤ ਮਨਜੂਰ ਕਰ ਦਿਤੀ।