ਲਖਨਊ (8 ਸਤੰਬਰ, 2014): ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਨਣ ਤੋਂ ਬਾਅਦ ਆਏ ਦਿਨ ਭਗਵਾਵਾਦੀਆਂ ਵੱਲੋਂ ਭਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀਆਂ ਨੂੰ ਕਿਸੇ ਨਾ ਕਿਸੇ ਤਰਾਂ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਕਦੇ ਆਰ. ਐੱਸ. ਐਸ ਮੁੱਖੀ ਮੋਹਨ ਭਾਗਵਤ ਭਾਰਤ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਹਿੰਦੂ ਕਹਿੰਦਾ ਹੈ, ਕਦੇ ਲਵ ਜੇਹਾਦ ਬਾਰੇ ਬਿਆਨ ਦਿਤੇ ਜਾਂਦੇ ਹਨ।
ਹੁਣ ਪਾਰਟੀ ਦੇ ਇੱਕ ਹੋਰ ਪਾਰਲੀਮੈਂਟ ਮੈਂਬਰ ਨੇ ਵਿਵਾਦ ਪੂਰਨ ਬਿਆਨ ਦਿੱਤਾ ਹੈ। ਉਨਾਵ ਤੋਂ ਪਾਰਲੀਮੈਂਟ ਮੈਂਬਰ ਸਵਾਮੀ ਸਚਿਦਾਨੰਦ ਹਰੀ ਸਾਕਸ਼ੀ ਨੇ ਮਦਰੱਸਿਆਂ ਨੂੰ ਅੱਤਵਾਦ ਦੇ ਅੱਡਾ ਦੱਸ ਕੇ ਹੰਗਾਮੇ ਨੂੰ ਸੱਦਾ ਦੇ ਦਿੱਤਾ ਹੈ।
ਭਾਜਪਾ ਪਾਰਲੀਮੈਂਟ ਮੈਂਬਰ ਨੇ ਮਦਰੱਸਿਆਂ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਨ੍ਹਾਂ ਜ਼ਰੀਏ ਪੂਰੇ ਦੇਸ਼ ਵਿੱਚ ਲਵ ਜੇਹਾਦ ਦੀ ਬਹੁਤ ਵੱਡੀ ਸਾਜ਼ਿਸ ਰਚੀ ਜਾ ਰਹੀ ਹੈ। ਉਨ੍ਹਾਂ ਨੇ ਮਦਰੱਸਿਆਂ ਦੀ ਜਾਂਚ ਕਰਾ ਕੇ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਬੰਦ ਕਰਨ ਦੀ ਗੱਲ ਕਹੀ।
ਪੰਜ ਵਾਰ ਪਾਰਲੀਮੈਂਟ ਮੈਂਬਰ ਰਹਿ ਚੁੱਕੇ ਸਵਾਮੀ ਸਚਿਦਾਨੰਦ ਨੇ ਏਟਾ ਵਿੱਚ ਵਿਵਾਦ ਪੂਰਨ ਬਿਆਨ ਦਿੰਦੇ ਹੋਏ ਕਿਹਾ ਕਿ ਜਿੱਥੇ-ਜਿੱਥੇ ਮੁਸਲਮਾਨ ਬਹੁਗਿਣਤੀ ਹਨ, ਉਥੇ ਹੀ ਫਿਰਕੂ ਦੰਗੇ ਹੁੰਦੇ ਹਨ, ਪਰ ਜਿੱਥੇ ਦੂਸਰੇ ਬਹੁ ਗਿਣਤੀ ਵਿੱਚ ਹੁੰਦੇ ਹਨ, ਉਥੇ ਇਹ ਘਟਨਾਵਾਂ ਨਹੀਂ ਵਾਪਰਦੀਆਂ।
ਉਸਨੇ ਕਿਹਾ ਕਿ ਇਹ ਗੱਲ ਕੇਵਲ ਮੈਂ ਤੇ ਯੋਗੀ ਆਦਿੱਤਯਾਨੰਦ ਨਹੀਂ ਕਹਿ ਰਹੇ, ਹੁਣ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਵੀ ਕਹਿ ਦਿੱਤਾ ਹੈ ਕਿ ਜਿੱਥੇ ਮੁਸਲਿਮ ਗਿਣਤੀ ਜਿਆਦਾ ਹੁੰਦੀ ਹੈ, ਉਥੇ ਫਿਰਕੂ ਦੰਗੇ ਹੁੰਦੇ ਹਨ।
ਸਾਕਸ਼ੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਨੇ ਕਿਹਾ ਸੀ ਕਿ ਹਿੰਦੁਸਤਾਨ ਵਿੱਚ ਇੰਨੇ ਮਦਰੱਸੇ ਹਨ ਇਨ੍ਹਾਂ ਨੂੰ ਤੁਰੰਤ ਕਾਰਵਾਈ ਕਰ ਕੇ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਮਦਰੱਸਿਆਂ ਵਿੱਚ ਕੇਵਲ ਅੱਤਵਾਦੀ ਗਤੀਵਿਧੀਆਂ ਸਿਖਾਈਆਂ ਜਾਂਦੀਆਂ ਹਨ।