ਬਾਜਾਖਾਨਾ (2 ਦਸੰਬਰ, 2015): ਫਰੀਦਕੋਟ ਜਿਲੇ ਦੇ ਪਿੰਡ ਬਰਗਾੜੀ ਵਿੱਚ ਵਾਪਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾਂ ਦੀ ਜਾਂਚ ਸੀਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਟੀਮ ਕੁਝ ਦਿਨ ਪਹਿਲਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪਹੁੰਚ ਗਈ ਸੀ ਅਤੇ ਉਸ ਨੇ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਅਤੇ ਹੋਰ ਪਿੰਡ ਵਾਸੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਸੀ।

ਜਾਂਚ ਦੇ ਕੰਮ ਨੂੰ ਅੱਗੇ ਤੋਰਦਿਆਂ 1 ਦਸੰਬਰ ਨੂੰ ਸੀਬੀਆਈ ਦੇ ਉਚ ਅਧਿਕਾਰੀਆਂ ਨੇ ਤਿੰਨ ਪਿੰਡਾਂ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਮੱਲਕੇ ਦਾ ਦੌਰਾ ਕੀਤਾ। ਇਸ ਮੌਕੇ ਐਸਐਸਪੀ ਫਰੀਦਕੋਟ ਸੁਖਮਿੰਦਰ ਸਿੰਘ ਮਾਨ ਅਤੇ ਐਸਐਸਪੀ ਮੋਗਾ ਮੁਖਵਿੰਦਰ ਸਿੰਘ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਹਰ ਜਾਣਕਾਰੀ ਗੁਪਤ ਰੱਖੀ ਜਾ ਰਹੀ ਹੈ ਤੇ ਭਰੋਸਾ ਦਿੱਤਾ ਕਿ ਛੇਤੀ ਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚ ਆ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਦੇ ਪਿੰਡ ਬਰਗਾੜੀ ਤੋਂ ਜੂਨ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਗੁਰਦੁਆਰਾ ਸਾਹਿਬ ਵਿਚੋਂ ਹੋਈ ਚੋਰੀ ਅਤੇ ਉਸ ਤੋਂ ਬਾਅਦ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਅਤੇ ਇਸ ਦੇ ਵਿਰੋਧ ਵਿਚ ਕੋਟਕਪੁਰਾ ਵਿਖੇ ਧਰਨੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ਦੁਬਾਰਾ ਪੁਲਿਸ ਦੋਸ਼ ਅਨੁਸਾਰ ਗਾਇਬ ਕਰਨ ਦੀਆਂ ਘਟਨਾਵਾਂ ਵਿਚ ਦਰਜ 3 ਪੁਲਿਸ ਕੇਸਾਂ ਵਿਚ ਜਾਂਚ ਦਾ ਕੰਮ ਸੀ.ਬੀ.ਆਈ. ਵੱਲੋਂ ਆਪਣੇ ਹੱਥਾਂ ਵਿਚ ਲੈ ਲਿਆ ਹੈ।ਪੰਜਾਬ ਸਰਕਾਰ ਦੇ ਇੱਕ ਬੁਲਾਰੇ ਅਨੁਸਾਰ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਕੇਸਾਂ ਵਿਚ ਹੁਣ ਤੱਕ ਕੀਤੀ ਗਈ ਜਾਂਚ ਦਾ ਰਿਕਾਰਡ ਸੀ.ਬੀ.ਆਈ. ਹਵਾਲੇ ਕਰ ਦਿੱਤਾ ਹੈ।
ਵਰਨਣਯੋਗ ਹੈ ਕਿ ਬਾਜਾਖਾਨਾ ਪੁਲਿਸ ਸਟੇਸ਼ਨ ਵਿਖੇ 2 ਜੂਨ, 2015 ਨੂੰ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਸਬੰਧੀ ਐਫ.ਆਈ.ਆਰ. ਨੰਬਰ 63 ਦਰਜ ਕੀਤੀ ਗਈ ਸੀ, ਜਦੋਂਕਿ ਇਸ ਪਿੰਡ ਵਿਚ ਇਸ਼ਤਿਹਾਰ ਲਗਾਉਣ ਸਬੰਧੀ 25 ਸਤੰਬਰ, 2015 ਨੂੰ ਐਫ.ਆਈ.ਆਰ. ਨੰਬਰ 117 ਦਰਜ ਹੋਈ ਅਤੇ ਇਸ ਤੋਂ ਬਾਅਦ 12 ਅਕਤੂਬਰ, 2015 ਨੂੰ ਬਰਗਾੜੀ ਵਿਖੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਗੁਰਦੁਆਰਾ ਸਾਹਿਬ ਨੇੜੇ ਖਿਲਾਰੇ ਜਾਣ ਅਤੇ ਉਸ ਤੋਂ ਬਾਅਦ ਇਨ੍ਹਾਂ ਪੰਨਿਆਂ ਨੂੰ ਕਬਜ਼ੇ ਆਦਿ ਵਿਚ ਲੈਣ ਨੂੰ ਲੈ ਕੇ ਵਾਪਰੀਆਂ ਘਟਨਾਵਾਂ ਸਬੰਧੀ ਐਫ.ਆਈ.ਆਰ. ਨੰਬਰ 128 ਬਾਜਾਖਾਨਾ ਪੁਲਿਸ ਥਾਣਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੀ ਦਰਜ ਹੋਈ ਸੀ ।