
ਚੰਡੀਗੜ੍ਹ( 5 ਅਪ੍ਰੈਲ, 2016): ਪੰਜਾਬ ਦੇ ਪਾਣੀਆਂ ਦੇ ਮਾਮਲੇ ‘ਤੇ ਭਾਰਤੀ ਸੂਪਰੀਮ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਹੋਰ ਸੂਬਿਆਂ ਨਾਲ ਰਲ ਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਲਏ ਪੰਜਾਬ ਵਿਰੋਧੀ ਪੈਤੜੇ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੋਂ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਸੁਪਰੀਮ ਕੋਰਟ ਵਿਚ ਚੱਲ ਰਹੇ ਕੇਸ ਦੌਰਾਨ ਪੰਜਾਬ ਦੀ ਹੋਣੀ ਤਹਿ ਕਰਨ ਵਾਲੇ ਇਸ ਗੰਭੀਰ ਮਾਮਲੇ ‘ਤੇ ਪੰਜਾਬ ਵਿਰੁੱਧ ਸਟੈਂਡ ਲੈ ਕੇ ਪੰਜਾਬ ਦੇ ਹਿੱਤਾਂ ਨਾਲ ਗ਼ੱਦਾਰੀ ਕੀਤੀ ਹੈ ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਤੇ ਪੰਜਾਬੀਆਂ ਖ਼ਾਸ ਕਰਕੇ ਕਿਸਾਨਾਂ ਦੇ ਨਾਲ ਖੜ੍ਹ ਸਕਣ ਦੇ ਆਪਣੇ ਪਹਿਲੇ ਇਮਤਿਹਾਨ ‘ਚੋਂ ਹੀ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ । ਇਸ ਪਾਰਟੀ ਵਲੋਂ ਸੁਪਰੀਮ ਕੋਰਟ ਵਿਚ ਅੱਜ ਪੰਜਾਬ ਦੇ ਹਿੱਤਾਂ ਵਿਰੁੱਧ ਲਿਆ ਗਿਆ ਸਟੈਂਡ ਸਿਰੇ ਦੀ ਮੌਕਾਪ੍ਰਸਤੀ ਤੇ ਦਿਨ-ਦਿਹਾੜੇ ਬੋਲਿਆ ਗਿਆ ਨੰਗਾ ਚਿੱਟਾ ਝੂਠ ਹੈ ।
ਉਨ੍ਹਾਂ ਕਿਹਾ ਕਿ ਮੈਨੂੰ ‘ਆਪ’ ਵਲੋਂ ਪੰਜਾਬ ਦੇ ਕਿਸਾਨਾਂ ਵਿਰੁੱਧ ਅੱਜ ਲਏ ਸਟੈਂਡ ਤੋਂ ਬਹੁਤ ਹੀ ਨਿਰਾਸ਼ਾ ਹੋਈ ਹੈ । ਬਾਦਲ ਨੇ ਕਿਹਾ ਕਿ ਇਹ ਰਿਵਾਜ ਹੀ ਬਣ ਗਿਆ ਹੈ ਕਿ ਬਾਹਰੋਂ ਆ ਕੇ ਪੰਜਾਬੀਆਂ ਨਾਲ ਝੂਠੀ ਹਮਦਰਦੀ ਜਤਾਓ ਤੇ ਵਾਪਸ ਜਾ ਕੇ ਉਨ੍ਹਾਂ ਦੇ ਹਿੱਤਾਂ ਨਾਲ ਗ਼ੱਦਾਰੀ ਕਰੋ । ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਜੋ ਸਟੈਂਡ ਆਮ ਆਦਮੀ ਪਾਰਟੀ ਨੇ ਕੱਲ੍ਹ ਸੁਪਰੀਮ ਕੋਰਟ ਵਿਚ ਲਿਆ ਉਸ ਨਾਲ ਹਰ ਪੰਜਾਬੀ ਖ਼ਾਸ ਕਰਕੇ ਕਿਸਾਨਾਂ ਨੂੰ ਜ਼ਬਰਦਸਤ ਧੱਕਾ ਲੱਗਾ ਹੈ ।