ਅੰਮ੍ਰਿਤਸਰ: ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਨੇ ਕੱਲ੍ਹ ਸ਼ਨੀਵਾਰ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਇੱਕ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਦਰਬਾਰ ਸਾਹਿਬ ਵਿਖੇ ਬਣੇ ਕੰਧ ਚਿੱਤਰਾਂ ਨੂੰ ਬਦਲਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅੱਠ ਦਿਨਾਂ ਵਿੱਚ ਇਸ ਸਬੰਧੀ ਕੋਈ ਫ਼ੈਸਲਾ ਨਾ ਹੋਇਆ ਤਾਂ ਇਸ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।

ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਮੰਗ ਪੱਤਰ ਦੇਣ ਪੁੱਜੇ ਇੰਦਰਜੀਤ ਸਿੰਘ ਜ਼ੀਰਾ ਨੇ ਆਖਿਆ ਕਿ ਉਨ੍ਹਾਂ ਨੇ ਵਿਵਾਦਤ ਕੰਧ ਚਿੱਤਰਾਂ ਦੀਆਂ ਤਸਵੀਰਾਂ ਵੀ ਖਿੱਚੀਆਂ ਹਨ। ਇਹ ਤਸਵੀਰਾਂ ਵਿੱਚ ਇੱਕ ਵਿਅਕਤੀ ਮੁਕਟ ਪਾਈ ਬੈਠਾ ਦਿਖਾਈ ਦਿੰਦਾ ਹੈ ਅਤੇ ਇਸ ਦੇ ਮੁਕਟ ਉਪਰ ਸਤਿਨਾਮ ਵਾਹਿਗੁਰੂ ਲਿਖਿਆ ਹੋਇਆ ਹੈ। ਦੋਵੇਂ ਪਾਸੇ ਬੀਬੀਆਂ ਖੜ੍ਹੀਆਂ ਹਨ। ਉਨ੍ਹਾਂ ਆਖਿਆ ਕਿ ਅਜਿਹੇ ਚਿੱਤਰ ਦਰਬਾਰ ਸਾਹਿਬ ਦੀਆਂ ਕੰਧਾਂ ’ਤੇ ਸੋਭਾ ਨਹੀਂ ਦਿੰਦੇ। ਉਨ੍ਹਾਂ ਆਖਿਆ ਕਿ ਇਹ ਚਿੱਤਰ ਪਹਿਲਾਂ ਕਦੇ ਧਿਆਨ ਵਿੱਚ ਨਹੀਂ ਆਏ ਪਰ ਹੁਣ ਜਦੋਂ ਧਿਆਨ ਵਿੱਚ ਆਏ ਹਨ ਤਾਂ ਇਸ ਸਬੰਧੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਹੁਣ ਤਕ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਚੁੱਪ ਰਹੀ ਹੈ। ਉਨ੍ਹਾਂ ਆਖਿਆ ਕਿ ਜੇਕਰ ਅੱਠ ਦਿਨਾਂ ਵਿੱਚ ਇਸ ਸਬੰਧੀ ਕੋਈ ਠੋਸ ਫ਼ੈਸਲਾ ਨਾ ਹੋਇਆ ਤਾਂ ਉਹ ਸੰਘਰਸ਼ ਵਿੱਢਣਗੇ।
ਜਦੋਂ ਮੰਗ ਪੱਤਰ ਦੇਣ ਵੇਲੇ ਗਿਆਨੀ ਗੁਰਬਚਨ ਸਿੰਘ ਹਾਜ਼ਰ ਨਹੀਂ ਸਨ ਤਾਂ ਸ. ਜ਼ੀਰਾ ਨੇ ਆਖਿਆ ਕਿ ਉਹ ਇਹ ਮੰਗ ਪੱਤਰ ਉਸੇ ਕਰਮਚਾਰੀ ਜਾਂ ਅਧਿਕਾਰੀ ਨੂੰ ਦੇਣਗੇ, ਜਿਸ ਨੇ ਖ਼ਾਲਸਾ ਮਰਿਆਦਾ ਤਹਿਤ ਪੋਸ਼ਾਕ ਤੇ ਗਾਤਰਾ ਪਾਇਆ ਹੋਇਆ ਹੋਵੇ ਪਰ ਉਸ ਵੇਲੇ ਅਜਿਹਾ ਕੋਈ ਕਰਮਚਾਰੀ ਨਹੀਂ ਸੀ। ਇਸ ਲਈ ਉਨ੍ਹਾਂ ਨੇ ਇਹ ਮੰਗ ਪੱਤਰ ਮੇਜ਼ ’ਤੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਆਸ ਜਤਾਈ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਇਸ ਮੰਗ ਪੱਤਰ ’ਤੇ ਧਿਆਨ ਦੇਣਗੇ ਅਤੇ ਢੁਕਵੀਂ ਕਾਰਵਾਈ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਕੱਲ੍ਹ ਹੀ ਸਪੱਸ਼ਟ ਕੀਤਾ ਹੈ ਕਿ ਇਹ ਕੰਧ ਕਲਾ ਅਤੇ ਮੀਨਾਕਾਰੀ ਪੁਰਾਤਨ ਵਿਰਸੇ ਦਾ ਹਿੱਸਾ ਹੈ, ਜਿਸ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ ਹੈ। ਇਸ ਸਬੰਧੀ ਲਾਏ ਜਾ ਰਹੇ ਦੋਸ਼ਾਂ ਨੂੰ ਸ਼੍ਰੋਮਣੀ ਕਮੇਟੀ ਨੇ ਬੇਬੁਨਿਆਦ ਕਰਾਰ ਦਿੱਤਾ ਸੀ।
ਸੰਬੰਧਤ ਖ਼ਬਰ:
ਪੁਰਾਤਨ ਰੂਪ ਵਿੱਚ ਹੀ ਸੁਰੱਖਿਅਤ ਹੈ ਦਰਬਾਰ ਸਾਹਿਬ ਦੀ ਮੀਨਾਕਾਰੀ: ਸ਼੍ਰੋਮਣੀ ਕਮੇਟੀ …