ਅੰਮ੍ਰਿਤਸਰ (21 ਅਕਤੂਬਰ, 2015) : ਸੌਦਾ ਸਾਧ ਮਾਫੀ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਪੰਜਾਂ ਤਖਤ ਸਾਹਿਬਾਨ ਦੇ ਜੱਥੇਦਾਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਦੇ ਸਨਮੁੱਖ ਪੇਸ਼ ਹੋਕੇ ਸਪੱਸ਼ਟੀਕਰਨ ਦੇਣ ਲਈ ਤਲਬ ਕਰਨ ਵਾਲੇ ਪੰਜਾਂ ਪਿਆਰਿਆਂ ਨੂੰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਅੱਤਲ ਕਰ ਦਿੱਤਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ (ਦੋ), ਭਾਈ ਮੰਗਲ ਸਿੰਘ ਤੇ ਭਾਈ ਤਰਲੋਕ ਸਿੰਘ ਨੂੰ ਮੁਅੱਤਲ ਕਰਦਿਆਂ ਸ੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਿਹਾ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਅਤੇ ਦਫ਼ਤਰੀ ਨਿਯਮਾਂ ਖਿਲਾਫ ਇਕੱਤਰਤਾ ਕਰਕੇ ਪੰਜ ਸਿੰਘ ਸਾਹਿਬਾਨ ਨੂੰ 23 ਅਕਤੂਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦਾ ਜਾਰੀ ਕੀਤਾ ਫੈਸਲਾ ਪੰਥ ਵਿੱਚ ਬਖੇੜਾ ਤੇ ਦੁਫੇੜ ਪਾਉਣ ਵਾਲਾ ਅਤੇ ਆਪਾ-ਧਾਪੀ ਦੀ ਭਾਵਨਾ ਨੂੰ ਉਜਾਗਰ ਕਰਨ ਵਾਲਾ ਹੈ ਅਤੇ ਅਜਿਹੀ ਆਪਹੁਦਰੀ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨਹੀ ਕਰਨ ਦਿੱਤੀ ਜਾਵੇਗੀ ”।
ਪ੍ਰਧਾਨ ਨੇ ਕਿਹਾ ਕਿ ਇਨਾਂ ਦੀ ਮਨਮੱਤੀ ਕਾਰਵਾਈ ਨਾਲ ਪੰਥਕ ਰਵਾਇਤਾਂ ਨੂੰ ਢਾਹ ਲੱਗੀ ਹੈ ਜੋ ਬਰਦਾਸ਼ਤਯੋਗ ਨਹੀਂ ਹੈ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ.ਰੂਪ ਸਿੰਘ ਤੇ ਸ. ਮਨਜੀਤ ਸਿੰਘ ਨੂੰ ਵੀ ਪ੍ਰਬੰਧਕੀ ਨਾਕਾਮੀ ਕਾਰਣ ਮੁਅੱਤਲ ਕਰ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ 20 ਅਕਤੂਬਰ ਨੂੰ ਕੁਝ ਮੁਲਾਜ਼ਮਾਂ ਵੱਲੋਂ ਜਿਨਾਂ ਵਿੱਚ ਭਾਈ ਕਾਰਜ ਸਿੰਘ ਜਥੇਦਾਰ ਰਾਗੀ, ਭਾਈ ਹਰਚਰਨ ਸਿੰਘ ਖ਼ਾਲਸਾ ਜਥੇਦਾਰ ਰਾਗੀ, ਭਾਈ ਹਰਪਾਲ ਸਿੰਘ ਸੁਪਰਵਾਈਜ਼ਰ ਤੇ ਭਾਈ ਸੁਰਜੀਤ ਸਿੰਘ ਪ੍ਰਚਾਰ ਸ਼ਾਮਲ ਸਨ ਨੇ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ ਨੂੰ ਵੀ ਮੁਅੱਤਲ ਕੀਤਾ ਗਿਆ ਹੈ।