December 22, 2011 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ (22 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਛੋਟੇ ਸ਼ਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀ ਮਹਿਰਾ ਜੀ ਦੀ ਸ਼ਹਾਦਤ ਮੌਕੇ ਲੱਗਣ ਵਾਲੀਆਂ ਰਾਜਸੀ ਕਾਨਫਰੰਸਾਂ ਨੇ ਜੋੜ ਮੇਲ ਦਾ ਚਿਹਰਾ-ਮੋਹਰਾ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ ਪਰ ਇਸ ਮੌਕੇ ਪੰਥਕ ਜਥੇਬੰਦੀਆਂ ਦੀ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕ ਰੇਲਵੇ ਫ਼ਾਟਕਾਂ ਨੇੜੇ 27 ਦਸੰਬਰ ਨੂੰ ਲੱਗ ਰਹੀ ਕਾਨਫਰੰਸ ਨਿਰੋਲ ਧਾਰਮਿਕ ਹੋਵੇਗੀ ਅਤੇ ਸਿੱਖ ਕੌਮ ਦੇ ਧਾਰਮਿਕ ਮਸਲੇ ਹੀ ਇਸ ਕਾਨਫਰੰਸ ਵਿੱਚ ਵਿਚਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ (ਪੰਥਕ ਸੇਵਾ ਲਹਿਰ) ਸੰਤ ਮਹਾਪੁਰਸ਼, ਅਕਾਲੀ ਦਲ ਪੰਚ ਪ੍ਰਧਾਨੀ, ਦਲ ਖ਼ਾਲਸਾ, ਫ਼ੈਡਰੇਸ਼ਨਾਂ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੀ ਇਹ ਸਾਂਝੀ ਕਾਨਫਰੰਸ ਹੋਵੇਗੀ। ਇਸ ਵਿੱਚ ਹਰਦੁਆਰ ਵਿਖੇ ਭਾਜਪਾ ਦੀ ਮਿਲੀਭੁਤਗ ਨਾਲ ਪਖਾਨਿਆਂ ਅਤੇ ਦੁਕਾਨਾਂ ਵਿੱਵ ਬਦਲ ਦਿੱਤੇ ਗਏ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਅਜ਼ਾਦੀ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਅਜਿਹੇ ਹੀ ਹੋਰ ਅਨੇਕਾ ਮਸਲਿਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰਾਂ ਅਤੇ ਤਖ਼ਤਾਂ ਦੇ ਜਥੇਦਾਰਾਂ ਨੇ ਸਿਆਸਤ ਨੂੰ ਮੁੱਖ ਰੱਖ ਕੇ ਅਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਈ ਬਾਰੇ ਵੀ ਵਿਚਾਰਾਂ ਰੱਖੀਆਂ ਜਾਣਗੀਆਂ। ਉਨ੍ਹਾਂ ਸਿੱਖ ਸੰਗਤਾਂ ਨੂੰ ਇਸ ਕਾਨਫਰੰਸ ਵਿੱਚ ਹੁੰਮ-ਹੁਮਾ ਕੇ ਸ਼ਮੂਲੀਅਤ ਕਰਨ ਦਾ ਸੱਦਾ ਤਾਂ ਜੋ ਜਿਨ੍ਹਾਂ ਸਿਧਾਂਤਾਂ ਅਤੇ ਮਿਸ਼ਨ ਲਈ ਇਹ ਸ਼ਹਾਦਤਾਂ ਹੋਈਆਂ, ਉਸਦਾ ਸੰਦੇਸ਼ ਵੱਧ ਤੋਂ ਵੱਧ ਸੰਗਤਾਂ ਤੱਕ ਸਹੀ ਰੂਪ ਵਿੱਚ ਪਹੁੰਚਾਇਆ ਜਾ ਸਕੇ।ਉਨ੍ਹਾ ਦੱਸਿਆ ਕਿ ਇਸ ਤੋਂ ਪਹਿਲਾਂ 26 ਦਸੰਬਰ ਨੂੰ ਵੀ ਇਸ ਥਾਂ ‘ਤੇ ਧਾਰਮਿਕ ਦੀਵਾਨ ਸਜਾਏ ਜਾਣਗੇ। ਦੋਵੇਂ ਦਿਨ ਪੰਥਕ ਆਗੂਆਂ ਤੋਂ ਬਿਨਾਂ ਪ੍ਰਸਿੱਧ ਪੰਥਕ ਪ੍ਰਚਾਰਕ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵਾਲੇ ਵੀ ਸਿੱਖ ਸਿਧਾਂਤ ਅਤੇ ਇਨ੍ਹਾਂ ਮਹਾਨ ਸ਼ਹਾਦਤਾਂ ਦੇ ਪੱਖਾਂ ‘ਤੇ ਚਾਣਨਾ ਪਾਉਣਗੇ।
Related Topics: Akali Dal Panch Pardhani, Fatehgarh Sahib