ਅੰਮ੍ਰਿਤਸਰ ( 27 ਮਈ, 2015): ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ਼੍ਰੀ ਦਰਬਾਰ ਸਾਹਿਬ ਸਾਹਿਬ ‘ਤੇ 6 ਜੂਨ 1984 ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ‘ਤੇ ਭਾਰਤੀ ਫੋਜ ਵੱਲੋਂ ਕੀਤੇ ਹਮਲੇ ਦੀ ਸਾਲਾਨਾ ਯਾਦ ਵਿੱਚ ਘੱਲੂਘਾਰਾ ਦਿਵਸ ਮਨਾਉਣ ਲਈ ਵਿਚਾਰ ਚਰਚਾ ਕੀਤੀ ਗਈ।

6 ਜੂਨ ਨੂੰ ਸ਼੍ਰੀ ਅਕਾਲ ਤਖ ਸਾ ਸਾਹਿਬ ਵਿਖੇ ਮਨਾਏ ਜਾ ਰਹੇ ਘੱਲੁਘਾਰਾ ਦਿਵਸ ਨੂੰ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਮ ਮਨਾਉਣ ਲਈ ਹੋਈ ਇਸ ਵਿਚਾਰ ਚਰਚਾ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਮੈਂਬਰ, ਸਿੱਖ ਵਿਦਵਾਨ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਆਦਿ ਵੀ ਸ਼ਾਮਲ ਹੋਏ।
ਇਸ ਸਬੰਧੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ 6 ਜੂਨ ਦੇ ਸਮਾਗਮ ਸ਼ਾਂਤਮਈ ਢੰਗ ਨਾਲ ਮਨਾਉਣ ਲਈ ਯਤਨ ਜਾਰੀ ਹਨ। ਇਸ ਸਬੰਧੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਦੀ ਯੋਜਨਾ ਵੀ ਹੈ। ਇਸ ਸਬੰਧੀ ਫੋਨ ਰਾਹੀਂ ਵੀ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਆਖਿਆ ਜਾਵੇਗਾ ਕਿ ਇਸ ਸਮਾਗਮ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਮੌਕੇ ’ਤੇ ਸ਼ਾਂਤੀ ਬਣਾ ਕੇ ਰੱਖੀ ਜਾਵੇ ਤੇ ਮਰਿਆਦਾ ਵਿੱਚ ਰਹਿ ਕੇ ਸਮਾਗਮ ਵਿੱਚ ਸ਼ਾਮਲ ਹੋਇਆ ਜਾਵੇ। ਉਨ੍ਹਾਂ ਇਸ ਮਾਮਲੇ ਵਿੱਚ ਸਮੂਹ ਸਿੱਖ ਜਥੇਬੰਦੀਆਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।
ਮਿਲੇ ਵੇਰਵਿਆਂ ਅਨੁਸਾਰ ਮੀਟਿੰਗ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੂੰ ਹਦਾਇਤ ਕੀਤੀ ਗਈ ਕਿ ਉਹ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਜਵਾਨਾਂ ਨੂੰ ਵੀ ਲੋੜੀਂਦੀਆਂ ਹਦਾਇਤਾਂ ਦੇਣ ਤਾਂ ਜੋ ਸਮਾਗਮ ਸਮੇਂ ਸ਼ਾਂਤੀ ਕਾਇਮ ਰੱਖੀ ਜਾ ਸਕੇ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੋਂ ਇਲਾਵਾ ਮੈਂਬਰ ਬੀਬੀ ਕਿਰਨਜੋਤ ਕੌਰ, ਸਿੱਖ ਵਿਦਵਾਨ ਇੰਦਰਜੀਤ ਸਿੰਘ ਗੋਗੋਆਣੀ, ਸਾਬਕਾ ਸਕੱਤਰ ਵਰਿਆਮ ਸਿੰਘ ਆਦਿ ਵੀ ਸ਼ਾਮਲ ਸਨ।