ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਬਾਰੇ ਭਾਜਪਾ ਦੀ ਦੋ ਰਾਜਾਂ ’ਚ ਹੋਈ ਜਿੱਤ ਮੌਕੇ ਬੋਲਦਿਆਂ ਉਨ੍ਹਾਂ ਕਿਹਾ,‘‘ਉਹ (ਕੈਪਟਨ ਅਮਰਿੰਦਰ ਸਿੰਘ) ਅਤੇ ਕਾਂਗਰਸ ਤਾਂ ਇੱਕ ਦੂਜੇ ਨੂੰ ਹੀ ਆਪਣਾ ਨਹੀਂ ਸਮਝਦੇ। ਉਹ (ਕੈਪਟਨ) ਆਜ਼ਾਦ ਫੌਜੀ ਹੈ।

ਮੋਦੀ ਦੇ ਭਾਸ਼ਨ ਤੋਂ ਬਾਅਦ ਜਾਰੀ ਸਰਕਾਰੀ ਪ੍ਰੈਸ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਦੀਆਂ ਇਹ ਟਿੱਪਣੀਆਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਛੇ ਤੇ ਆਧਾਰਹੀਣ ਬਿਆਨਾਂ ਰਾਹੀਂ ਉਨਾਂ ਅਤੇ ਕਾਂਗਰਸ ਹਾਈ ਕਮਾਂਡ ਦਰਮਿਆਨ ਪਾੜਾ ਪਾਉਣ ਲਈ ਕੀਤੀਆਂ ਜਾ ਰਹੇ ਬੇਤੁੱਕੇ ਯਤਨਾਂ ਦਾ ਹਿੱਸਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਨੂੰ ਇਸ ਬੇਬੁਨਿਆਦ ਟਿੱਪਣੀ ਲਈ ਕਿਸ ਨੇ ਪ੍ਰੇਰਿਆ? ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਅੰਦਰੂਨੀ ਕੰਮਕਾਜ ਨੂੰ ਕਿਵੇਂ ਚਲਾਉਣਾ ਹੈ, ਇਸ ਲਈ ਨਾ ਤਾਂ ਉਨਾਂ ਨੂੰ ਅਤੇ ਨਾ ਹੀ ਕਾਂਗਰਸ ਹਾਈ ਕਮਾਂਡ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ, ਮੈਨੂੰ ਪਤਾ ਹੈ ਕਿ ਮੈਂ ਆਪਣਾ ਕੰਮ ਕਿਵੇਂ ਕਰਨਾ ਹੈ ਅਤੇ ਕਿਸ ਤਰਾਂ ਮੇਰੇ ਸੂਬੇ ਦਾ ਸ਼ਾਸਨ ਚਲਾਉਣਾ ਅਤੇ ਮੈਂ ਪਾਰਟੀ ਹਾਈ ਕਮਾਂਡ ਨਾਲ ਰਿਸ਼ਤੇ ਕਿਵੇਂ ਨਿਭਾਉਣੇ ਹਨ ਜੋ ਭਾਜਪਾ ਨੇਤਾਵਾਂ ਨਾਲੋਂ ਵੱਧ ਹਨ।
ਉਨਾਂ ਕਿਹਾ ਕਿ ਮੋਦੀ ਦੀ ‘ਜੁਮਲੇਬਾਜ਼ੀ’ ਦਾ ਕਾਂਗਰਸ ਲੀਡਰਸ਼ਿਪ ਤੇ ਵਰਕਰਾਂ ‘ਤੇ ਕੋਈ ਅਸਰ ਨਹੀ ਹੈ।