ਐਡਮਿੰਟਨ (18 ਮਈ, 2015): ਅੱਜ ਇੱਥੇ ਖਾਲਸਾ ਪੰਥ ਦੇ ਸਿਰਜਨਾ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜ਼ਾਇਆ ਗਿਆ।ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਅਰਦਾਸ ਕਰਕੇ ਪੰਜਾਂ ਪਿਆਰਿਆਂ ਦੀ ਅਗਵਾਈ ਤੇ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਗੁਰਦੁਆਰਾ ਮਿਲਵੁਡਜ਼ ਨੂੰ ਰਵਾਨਾ ਹੋਇਆ ।

ਐਡਮਿੰਟਨ ਦੇ ਸਮੂਹ ਗੁਰੂ ਘਰਾਂ, ਵਿਸਾਖੀ ਨਗਰ ਕੀਰਤਨ ਕਮੇਟੀ ਤੇ ਸਿੱਖ ਸੰਗਤਾਂ ਵੱਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜ਼ਾਏ ਵਿਸ਼ਾਲ ਨਗਰ ਕੀਰਤਨ ਵਿਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ ।
ਇਸ ਸਮੇਂ ਸ਼ਹਿਰ ਨੀਲੀਆਂ ਤੇ ਕੇਸਰੀ ਦਸਤਾਰਾਂ ਅਤੇ ਦੁਪੱਟਿਆਂ ਨਾਲ ਰੰਗਿਆ ਹੋਇਆ ਜਾਪਦਾ ਸੀ । ਨਗਰ ਕੀਰਤਨ ਦੇ ਗੁਰਦੁਆਰਾ ਮਿਲਵੁਡਜ਼ ਵਿਚ ਪੁੱਜਣ ਉਪਰੰਤ ਸਟੇਜ ਤੋਂ ਸਿੱਖ ਪੰਥ ਦੇ ਉੱਘੇ ਢਾਡੀ ਭਾਈ ਫੌਜਾ ਸਿੰਘ ਸਾਗਰ ਅਤੇ ਭਾਈ ਵਰਿੰਦਰ ਸਿੰਘ ਵਾਰਿਸ ਦੇ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ।
ਇਸ ਮੌਕੇ ਕੈਨੇਡਾ ਦੇ ਮੰਤਰੀ ਜੇਸਨ ਕੇਨੀ, ਮੰਤਰੀ ਟਿੰਮ ਉੱਪਲ, ਕੌਾਸਲਰ ਅਮਰਜੀਤ ਸੋਹੀ, ਕੌਾਸਲਰ ਅਰਜੁਨ ਰੰਧਾਵਾ, ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਰਪੂਰ ਸਿੰਘ ਐਮ. ਪੀ., ਿਲੰਡਾ ਡੰਕਨ, ਵਿਧਾਇਕ ਬਰਾਇਨ ਮੈਸਨ, ਵਿਧਾਇਕ ਕ੍ਰਿਸਟੀਨਾ ਗਰੇਅ ਤੋਂ ਇਲਾਵਾ ਹੋਰਨਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸਮੂਹ ਸਿੱਖ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ।
ਨਗਰ ਕੀਰਤਨ ‘ਚ ਐਡਮਿੰਟਨ ਖਾਲਸਾ ਸਕੂਲ ਤੇ ਹੈਡਵੇ ਸਕੂਲ ਦੇ ਫਲੋਟ ਪੰਜਾਬੀ ਦੇ ਬੈਨਰਾਂ ਨਾਲ ਸਜਾਏ ਗਏ ਸਨ, ਜਿਸ ਵਿਚ ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਸੀ । ਸੜਕਾਂ ਦੇ ਆਲੇ-ਦੁਆਲੇ ਅਤੇ ਗੁਰੂ ਘਰ ਵਿਚ ਸੰਗਤਾਂ ਵੱਲੋਂ ਖੁੱਲ੍ਹੇ ਲੰਗਰ ਲਗਾਏ ਗਏ ਸਨ । ਸੰਗਤਾਂ ਵਿਚ ਸ਼ਰਧਾ ਭਾਵਨਾ ਤੇ ਸੇਵਾ ਨੂੰ ਦੇਖਦੇ ਹੋਏ ਹੋਰਨਾਂ ਭਾਈਚਾਰਿਆਂ ਦੇ ਲੋਕ ਵੀ ਸਿੱਖ ਕੌਮ ਦੀ ਸ਼ਲਾਘਾ ਕਰ ਰਹੇ ਸਨ ।