ਫਤਿਹਗੜ੍ਹ ਸਾਹਿਬ: ਇਥੋਂ ਦੇ ਪਿੰਡ ਹਲੋਤਾਲੀ ਦੇ ਇਕ ਕਿਸਾਨ ਨੇ ਸਚਖੰਡ ਐਕਪ੍ਰੈਸ ਦੇ ਸਾਹਮਣੇ ਆ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਲਈ। ਮਰਨ ਵਾਲੇ ਦੀ ਪਛਾਣ ਸੁਖਬੀਰ ਸਿੰਘ ਦੀ ਰੂਪ ਵਿਚ ਹੋਈ। ਸੁਖਬੀਰ ਸਿੰਘ ’ਤੇ ਅੱਠ ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ।

ਰੇਲਵੇ ਪੁਲਿਸ ਨੇ ਪਰਿਵਾਰ ਨਾਲ ਜਾਣਕਾਰੀ ਦੇ ਦਿੱਤੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੁਖਬੀਰ ਦੇ ਵੱਡੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਲਗਭਗ ਪੰਜ ਸਾਲ ਪਹਿਲਾਂ ਸੁਖਬੀਰ ਨੇ ਹਾਊਸਫੈਡ ਤੋਂ ਘਰ ਬਣਾਉਣ ਲਈ ਤਿੰਨ ਲੱਖ ਸੱਠ ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ੇ ਦੀਆਂ ਕਿਸ਼ਤਾਂ ਜਮ੍ਹਾਂ ਨਾ ਕਰ ਸਕਣ ਕਰਕੇ ਵਿਆਜ ਲਗ ਕੇ ਕਰਜ਼ੇ ਦੀ ਰਕਮ ਅੱਠ ਲੱਖ ਤੋਂ ਵੱਧ ਹੋ ਗਈ। ਹਾਊਸਫੈਡ ਨੇ ਸੁਖਬੀਰ ਦੇ ਖਿਲਾਫ ਕੇਸ ਦਾਇਰ ਕਰਕੇ ਉਸਦੀ ਜ਼ਮੀਨ ਕੁਰਕ ਕਰਵਾ ਦਿੱਤੀ।
ਭਰਾ ਮੁਤਾਬਕ ਸੁਖਬੀਰ ਖੇੜੀ ਨੌਧ ਸਿੰਘ ’ਚ ਕੱਪੜੇ ਦੀ ਦੁਕਾਨ ਵੀ ਕਰਦਾ ਸੀ। ਕੱਪੜੇ ਦਾ ਕੰਮ ਠੱਪ ਹੋਣ ਕਰਕੇ ਉਸਨੇ ਆਪਣੀ ਇਕ ਏਕੜ ਜ਼ਮੀਨ ’ਤੇ ਖੇਤੀ ਕਰਨੀ ਸ਼ੁਰੂ ਕਰ ’ਤੀ। ਖੇਤੀ ਵੀ ਸੁਖਬੀਰ ਲਈ ਨੁਕਸਾਨ ਵਾਲੀ ਹੀ ਸਾਬਤ ਹੋਈ। ਖੇਤੀ ਕਰਕੇ ਉਸਦਾ ਹੋਰ ਨੁਕਸਾਨ ਹੋਇਆ, ਜਿਸ ਕਰਕੇ ਉਹ ਹੋਰ ਪਰੇਸ਼ਾਨ ਰਹਿਣ ਲੱਗਾ। ਸੁਖਬੀਰ ਖੇਤੀ ਕਰਨ ਦੇ ਨਾਲ ਹੀ ਗੁਰਦੁਆਰਾ ਸਾਹਿਬ ’ਚ ਪਾਠ ਵੀ ਕਰਦਾ ਸੀ।
ਅਵਤਾਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਰੇਲਵੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਫੋਨ ’ਤੇ ਸੁਖਬੀਰ ਦੀ ਖੁਦਕੁਸ਼ੀ ਦੀ ਖ਼ਬਰ ਦਿੱਤੀ। ਪੁਲਿਸ ਨੂੰ ਸੁਖਬੀਰ ਵਲੋਂ ਲਿਖਿਆ ਸੁਸਾਇਟ ਨੋਟ ਮਿਲ ਗਿਆ ਹੈ, ਜਿਸ ਵਿਚ ਉਸਨੇ ਆਪਣੀ ਬਿਮਾਰੀ ਅਤੇ ਕਰਜ਼ੇ ਨੂੰ ਆਪਣੀ ਮੌਤ ਦਾ ਕਾਰਨ ਦੱਸਿਆ। ਸੁਖਬੀਰ ਦਾ ਵਿਆਹ 2003 ’ਚ ਹੋਇਆ ਸੀ। ਉਸਦੀ ਇਕ ਦਸ ਸਾਲਾਂ ਦੀ ਬੇਟੀ ਹੈ।
ਰੇਲਵੇ ਦੇ ਏ.ਐਸ.ਆਈ. ਦੀਦਾਰ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਗੰਡੀ ਜਿਵੇਂ ਹੀ ਸਰਹਿੰਦ ਸਟੇਸ਼ਨ ਤੋਂ ਚੱਲੀ ਤਾਂ ਸਟੇਸ਼ਨ ਤੋਂ ਕੁਝ ਹੀ ਦੂਰੀ ’ਤੇ ਖੜੇ ਸੁਖਬੀਰ ਸਿੰਘ ਨੇ ਗੱਡੀ ਅੱਗੇ ਛਾਲ ਮਾਰ ਕੇ ਆਪਣੇ ਜੀਵਨ ਦਾ ਅੰਤ ਕਰ ਲਿਆ।
ਹੋਰ ਸਬੰਧਤ ਖਬਰਾਂ:
ਜੋਧਪੁਰ ਖੁਦਕੁਸ਼ੀਆਂ; ਮਾਮਲਾ ਹਾਈਕੋਰਟ ਵਿੱਚ ਲਿਜਾਇਆ ਜਾਵੇਗਾ: ਜ਼ੁਲਮ ਵਿਰੋਧੀ ਮੋਰਚਾ