ਅੰਮ੍ਰਿਤਸਰ (30 ਦਸੰਬਰ, 2015): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਅੰਮ੍ਰਿਤਸਰ ਵਿਖੇ 1 ਜਨਵਰੀ ਨੂੰ ਐਸ.ਜੀ.ਪੀ.ਸੀ. ਦੀ ਹੰਗਾਮੀ ਮੀਟਿੰਗ ਸੱਦੀ ਹੈ। ਮੀਟਿੰਗ ਕਿਸ ਏਜ਼ੰਡੇ ‘ਤੇ ਸੱਦੀ ਗਈ ਹੈ, ਇਹ ਤਾਂ ਅਜੇ ਪਤਾ ਨਹੀਂ ਲੱਗਿਆ। ਪਰ ਜਾਣਕਾਰਾਂ ਦੀ ਮੰਨੀਏ ਤਾਂ ਅਕਾਲ ਤਖਤ ਸਾਹਿਬ ਦੇ ਪੰਜਾਂ ਪਿਆਰਿਆਂ ਵੱਲੋਂ ਗਿਆਨੀ ਗੁਰਬਚਨ ਸਿੰਘ ਸਮੇਤ ਤਖਤ ਸਾਹਿਬਾਨ ਦੇ ਜੱਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ 1 ਜਨਵਰੀ ਤੱਕ ਦਾ ਸਮਾ ਦਿੱਤਾ ਹੋਇਆ ਹੈ।

ਪੰਜਾਂਪਿਆਰਿਆਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ 1 ਜਨਵਰੀ ਤੱਕ ਦੇ ਦਿੱਤੇ ਸਮੇਂ ਦੇ ਮਾਮਲੇ ‘ਤੇ ਵਿਚਾਰ ਕਰਨ ਲਈ ਇਹ ਮੀਟਿੰਗ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਦੇ ਪੰਜਾਂ ਪਿਆਰਿਆਂ ਨੇ ਦਸ਼ਮੇਸ਼ ਪਿਤਾ ਗੁਰੁ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਾਲੇ ਸੌਦਾ ਸਾਧ ਨੂੰ ਬਿਨ੍ਹਾਂ ਮੰਗਿਆਂ ਮਾਫੀਨਾਮਾ ਜਾਰੀ ਕਰਨ ਕਰਕੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦੂਜੇ ਜੱਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਵਾਸਤੇ ਤਲਬ ਕਰ ਲਿਆ ਸੀ।
ਗਿਆਨੀ ਗੁਰਬਚਨ ਸਿੰਘ ਅਤੇ ਦੂਜੇ ਸਬੰਧਿਤ ਜੱਥੇਦਾਰ ਮਿੱਥੇ ਸਮੇਂ ‘ਤੇ ਅਕਾਲ ਤਖਤ ਸਾਹਿਬ ‘ਤੇ ਪੰਜਾਂ ਪਿਆਰਿਆਂ ਦੇ ਸਨਮੁੱਖ ਹਾਜ਼ਰ ਨਹੀਂ ਸਨ ਹੋਏ। ਜਿਸ ਕਰਕੇ ਪੰਜਾਂ ਪਿਆਰਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਜੱਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਪੰਜਾਂ ਪਿਆਰਿਆਂ ਦੇ ਹੁਕਮ ਅਨੁਸਾਰ ਜੱਥੇਦਾਰਾਂ ਦੀ ਸੇਵਾਵਾਂ ਤਾਂ ਕੀ ਖਤਮ ਕਰਨੀਆਂ ਸਨ, ਸਗੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੇ ਪੰਜਾਂ ਪਿਆਰਿਆਂ ਨੂੰ ਹੀ ਸ਼੍ਰੋਮਣੀ ਕਮੇਟੀ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ।ਪਰ ਪੰਜ ਪਿਆਰੇ ਆਪਣੇ ਫੈਸਲੇ ‘ਤੇ ਦ੍ਰਿੜ ਰਹੇ।
ਪ੍ਰਧਾਨ ਦੀ ਇਸ ਕਾਰਵਾਈ ਦੀ ਸਿੱਖ ਜਗਤ ਵਿੱਚ ਚਾਰ ਚੁਫੇਰਿਓੁ ਕਰੜੀ ਆਲੋਚਨਾ ਹੋਈ ਅਤੇ ਪੰਥਕ ਦਬਾਅ ਦੇ ਚੱਲਦਿਆਂ ਪ੍ਰਧਾਨ ਨੂੰ ਪੰਜਾਂ ਪਿਆਰਿਆਂ ਦੀ ਮੁਅੱਤਲੀ ਦੇ ਹੁਕਮ ਵਾਪਸ ਲੈਣੇ ਪਏ। ਪਰ ਪੰਜਾਂ ਪਿਆਰਿਆਂ ਦੇ ਜੱਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ‘ਤੇ ਕੋਈ ਕਾਰਵਾਈ ਨਾ ਕੀਤੀ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਪੰਜ ਪਿਆਰਿਆਂ ਵੱਲੋਂ ਸ਼ਰੋਮਣੀ ਕਮੇਟੀ ਨੂੰ ਹੁਕਮ ਕੀਤੇ ਗਏ ਸਨ , ਕਿ ਜੇਕਰ ਕਮੇਟੀ ਜਥੇਦਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹ 2 ਜਨਵਰੀ ਨੂੰ ਹੋਰ ਸਖ਼ਤ ਫੈਂਸਲਾ ਲੈ ਸਕਦੇ ਹਨ।