ਚੰਡੀਗੜ੍ਹ (16 ਜੂਨ 2014): ਪੰਜਾਬ ਬੀਜੇਪੀ ਦੇ ਸੀਨੀਅਰ ਆਗੂ ਬਲਰਾਮਜੀ ਦਾਸ ਟੰਡਨ ਨੇ ਬੀਤੇ ਦਿਨੀਂ ਬਾਦਲ ਵਲੋਂ ਦਿੱਲੀ ਵਿਖੇ ਮੋਦੀ ਨੂੰ ਇਕੱਲਿਆਂ ਮਿਲਣ ਤੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਮੋਦੀ ਨੂੰ ਮਿਲਣ ਲਈ ਬਾਦਲ ਨੂੰ ਇਕੱਲਿਆਂ ਨਹੀਂ ਜਾਣਾ ਚਾਹੀਦਾ ਸੀ। ਇਸ ਤੇ ਅਕਾਲੀ ਦਲ ਨੇ ਅੱਜ ਸਖਤ ਪ੍ਰਤੀਕਿਰਿਆ ਵਿਅਕਤ ਕਰਦਿਆਂ ਕਿਹਾ ਕਿ ਪੰਜਾਬ ਦੇ ਮਸਲਿਆਂ ਲਈ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਮੁੱਖ ਮੰਤਰੀ ਬਾਦਲ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਤੇ ਉਹ ਜਦ ਚਾਹੁੰਣ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਹਨ। ਇਸਦੇ ਨਾਲ ਹੀ ਅਕਾਲੀ ਦਲ ਅਤੇ ਭਾਜਪਾ ਵਿੱਚ ਬਿਆਨਬਾਜ਼ੀ ਅਤੇ ਕਸ਼ਮਕੱਸ਼ ਵੱਧਦੀ ਜਾ ਰਹੀ ਹੈ।
ਭਾਜਪਾ ਆਗੂ ਸ੍ਰੀ ਬਲਰਾਮ ਜੀ ਦਾਸ ਟੰਡਨ ਵਲੋਂ ਕੀਤੀ ਬਿਆਨਬਾਜ਼ੀ ਬਾਰੇ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੋਈ ਵੀ ਇਹ ਨਿਰਧਾਰਿਤ ਨਹੀਂ ਕਰ ਸਕਦਾ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕਦੋਂ ਤੇ ਕਿਵੇਂ ਮਿਲਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਨੂੰ ਮਿਲਣਾ ਲਗਾਤਾਰ ਚੱਲਣ ਵਾਲੀ ਪ੍ਰਕ੍ਰਿਆ ਹੈ ਤੇ ਜਦ ਵੀ ਲੋੜ ਹੈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲਣਗੇ।
ਗਰੇਵਾਲ ਨੇ ਕਿਹਾ ਕਿ ਗਠਜੋੜ ਵਿਚ ਕੁਝ ਮਰਿਆਦਾਵਾਂ ਹੁੰਦੀਆਂ ਹਨ ਤੇ ਜੇਕਰ ਵਿਚਾਰਾਂ ਦਾ ਵਖਰੇਵਾਂ ਹੈ ਵੀ ਤਾਂ ਉਹ ਵੀ ਪਹਿਲਾਂ ਤਾਲਮੇਲ ਕਮੇਟੀ ਕੋਲ ਉਠਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਲੋੜ ਤੋਂ ਪ੍ਰੈਸ ਰਾਹੀਂ ਅਜਿਹੀ ਬਿਆਨਬਾਜ਼ੀ ਕਰਨੀ ਸਿਰਫ ਤੇ ਸਿਰਫ ਲੋਕਾਂ ਵਿਚ ਗਠਜੋੜ ਪ੍ਰਤੀ ਬੇਵਿਸ਼ਵਾਸ਼ੀ ਹੀ ਪੈਦਾ ਕਰਦੀ ਹੈ, ਜਦਕਿ ਅਸਲ ਵਿਚ ਅਜਿਹਾ ਕੁਝ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸਨੇ ਭਾਜਪਾ ਨੂੰ ਹਮੇਸ਼ਾ ਬਿਨ੍ਹਾਂ ਸ਼ਰਤ ਸਮਰਥਨ ਦਿੱਤਾ ਹੈ ਅਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਭਾਜਪਾ ਨਾਲ ਉਸ ਸਮੇਂ ਖੜ੍ਹੇ ਜਦ ਭਾਜਪਾ ਨੂੰ ਮੁੱਖ ਧਾਰਾ ਵਾਲੀਆਂ ਸਾਰੀਆਂ ਪਾਰਟੀਆਂ ਅਛੂਤ ਸਮਝਦੀਆਂ ਸਨ।
ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਇਕ ਆਜਾਦ ਪਾਰਟੀ ਹੈ ਜੋ ਕਿ ਕੁਰਬਾਨੀਆਂ ਦੇ ਸਿਰ ‘ਤੇ ਹੋਂਦ ਵਿਚ ਆਈ ਸੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੁੱਦਿਆਂ ‘ਤੇ ਸਾਡੀ ਪਾਰਟੀ ਦੇ ਆਪਣੇ ਵਿਚਾਰ ਹਨ ਅਤੇ ਅਕਾਲੀ ਦਲ ਕਦੇ ਵੀ ਆਪਣੇ ਸਿਧਾਂਤਾਂ ਤੇ ਪੰਜਾਬ ਦੇ ਮਸਲਿਆਂ ‘ਤੇ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕਰੇਗਾ।