ਅੰਮ੍ਰਿਤਸਰ (17 ਜੂਨ 2014): ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਵੱਖ ਵੱਖ ਮਸਲਿਆਂ ਤੇ ਵਿਚਾਰ ਕਰਨ ਲਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ, ਜਿਸ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਦੇਸ਼ਾਂ ਵਿੱਚ ਕੰਨਟੇਨਰ ਰਾਹੀਂ ਭੇਜਣ ਦੇ ਮਾਮਲੇ ਵਿੱਚ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਦੇਸ਼ਾਂ ਵਿੱਚ ਕੰਨਟੇਨਰ ਰਾਹੀਂ ਭੇਜਣ ਦੇ ਮਾਮਲੇ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਮੰਗਣ ਵਾਲੇ ਗੁਰਚਰਨ ਸਿੰਘ ਬੱਬਰ ਨੂੰ ਲਿਖਤੀ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਇਕ ਹੋਰ ਫੈਸਲੇ ਰਾਹੀਂ ਬੰਗਲੋਰ ਵਾਸੀ ਹਰਮਿੰਦਰ ਸਿੰਘ (ਖਾਲਸਾ ਬੁਲੇਟਨ)ਨੂੰ ਚਰਿਤਰਹੀਣਤਾ ਦੇ ਲਗੇ ਦੋਸ਼ਾਂ ਤੇ ਬੁਲਾਏ ਜਾਣ ਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ਤਹਿਤ ਤਨਖਾਹੀਆ ਕਰਾਰ ਦਿੱਤਾ ਗਿਆ ਹੈ।
ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਬੰਗਲੋਰ ਵਾਸੀ ਹਰਮਿੰਦਰ ਸਿੰਘ (ਖਾਲਸਾ ਬੁਲੇਟਨ)ਨੂੰ ਚਰਿਤਰਹੀਣਤਾ ਦੇ ਲਗੇ ਦੋਸ਼ਾਂ
ਕਾਰਣ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਲੇਕਿਨ ਉਸਨੇ ਹਊਮੈ ਭਰੇ ਪੱਤਰ ਲਿਖੇ ਅਤੇ ਸਿੰਘ ਸਾਹਿਬਾਨ ਦੀ ਇਕਤਰਤਾ ਵਿਚ ਹਾਜਰ ਨਹੀ ਹੋਇਆ ,ਇਸ ਲਈ ਹਰਮਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਕਿ ਉਹ ਸਿੰਘ ਸਾਹਿਬਾਨ ਦੀ ਅਗਲੇਰੀ ਇਕਤਰਤਾ ਵਿਚ ਪੇਸ਼ ਹੋਕੇ ਤਨਖਾਹ ਲਵਾਵੇ ਨਹੀ ਤਾਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
ਸਿੰਘ ਸਾਹਿਬਾਨ ਨੇ ਦਿੱਲੀ ਵਾਸੀ ਗੁਰਚਰਨ ਸਿੰਘ ਬੱਬਰ ਦੁਆਰਾ ਇਸ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਵਰਤੀ ਸ਼ਬਦਾਵਲੀ ਨੂੰ ਅਤਿ ਦਰਜੇ ਦੀ ਨੀਵੀਂ ਕਰਾਰ ਦਿੰਦਿਆਂ ਬੱਬਰ ਨੂੰ ਅਗਲੇਰੀ ਇਕਤਰਤਾ ਵਿਚ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਲਈ ਕਿਹਾ ਹੈ ਕਿ ਉਹ ਕਿਹੜੇ ਕਾਰਣ ਹਨ ਕਿ ਅਜੇਹੀ ਸ਼ਬਦਾਵਲੀ ਵਰਤੀ ਗਈ ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕਤਰਤਾ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਜਸਥਾਨ ਦੇ ਇਤਿਹਾਸਕ ਗੁਰਦੁਆਰਾ ਬੁਢਾ ਜੋਹੜ ਦੇ ਪਿਤਾ ਪੁਰਖੀ ਟਰੱਸਟ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭੰਗ ਕਰਨ ਦੇ ਜਾਰੀ ਆਦੇਸ਼ਾਂ ਦਾ ਮਾਮਲਾ ਤਕਰੀਬਨ ਨਿਪਟ ਗਿਆ ਹੈ ।