ਅਸਟੋਰੀਆ: ਅਮਰੀਕਾ ਦੇ ਔਰੇਗਨ ਸੂਬੇ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਗਦਰ ਪਾਰਟੀ ਬਾਰੇ ਪੜ੍ਹਾਇਆ ਜਾਵੇਗਾ। ਗਦਰ ਪਾਰਟੀ ਦੀ ਸਥਾਪਨਾ ਦੀ 105ਵੀਂ ਵਰ੍ਹੇਗੰਢ ਮੌਕੇ ਹੋਏ ਇਕ ਸਮਾਗਮ ਮੌਕੇ ਹੋਈ ਇਕੱਤਰਤਾ ਵਿਚ ਸੂਬੇ ਦੇ ਉੱਚ ਅਫਸਰਾਂ ਵਲੋਂ ਇਹ ਐਲਾਨ ਕੀਤਾ ਗਿਆ।

ਅਮਰੀਕਾ ਦੇ ਪੱਛਮੀ ਤੱਟ ‘ਤੇ ਸਥਿਤ ਇਤਿਹਾਸਕ ਸ਼ਹਿਰ ਅਸਟੋਰੀਆ ਵਿਚ 1910 ਵਿਚ ਪੰਜਾਬ ਤੋਂ ਸਿੱਖ ਪਹੁੰਚੇ ਸਨ। ਇਹ ਲੋਕ ਇੱਥੇ ਇਕ ਲੱਕੜ ਦੇ ਕਾਰਖਾਨੇ ਵਿਚ ਕੰਮ ਕਰਦੇ ਸਨ। ਇਹਨਾਂ ਦੇ ਪਰਿਵਾਰ ਬੀਤੇ ਕਲ੍ਹ ਹੋਈ ਇਕੱਤਰਤਾ ਵਿਚ ਸ਼ਾਮਿਲ ਹੋਏ।
ਗਦਰ ਯਾਦਗਾਰੀ ਸੰਸਥਾ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਬੋਲਦਿਆਂ ਔਰੇਗਨ ਦੇ ਗਵਰਨਰ ਕੇਟ ਬਰਾਊਨ ਨੇ ਕਿਹਾ ਕਿ ਇਕ ਸਦੀ ਪਹਿਲਾਂ ਸਿੱਖਾਂ ਅਤੇ ਪੰਜਾਬੀਆਂ ਨੇ ਵਿਤਕਰੇ ਨੂੰ ਦੂਰ ਕਰਨ ਲਈ ਭਾਰਤ ਅਤੇ ਪੱਛਮ ਵਿਚ ਵੱਡੇ ਕਦਮ ਪੁੱਟਦਿਆਂ ਗਦਰ ਪਾਰਟੀ ਦੇ ਨਾਂ ਹੇਠ ਬਰਤਾਨਵੀ ਰਾਜ ਤੋਂ ਅਜ਼ਾਦੀ ਲਈ ਰਾਹ ਪੱਧਰਾ ਕੀਤਾ ਸੀ।
ਔਰੇਗਨ ਦੇ ਐਟੋਰਨੀ ਜਨਰਲ ਏਲੇਨ ਐਫ ਰੋਸੇਨਬਲੱਮ ਨੇ ਕਿਹਾ ਕਿ 105 ਸਾਲ ਪਹਿਲਾਂ ਵਾਪਰੀ ਇਹ ਇਤਿਹਾਸਕ ਘਟਨਾ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਈ ਜਾਵੇਗੀ।
ਉਹਨਾਂ ਕਿਹਾ ਕਿ ਗਦਰ ਪਾਰਟੀ ਨੇ ਅਸਟੋਰੀਆ ਅਤੇ ਔਰੇਗਨ ਨੂੰ ਪੱਛਮੀ ਤੱਟ ਦੀਆਂ ਹੋਰ ਥਾਵਾਂ ਨਾਲੋਂ ਆਪਣੇ ਲਈ ਸਾਜ਼ਗਾਰ ਮੰਨਿਆ।
ਕੋਲੰਬੀਆ ਨਦੀ ਕੰਢੇ ਸਥਿਤ ਉਸ ਇਮਾਰਤ, ਜਿੱਥੇ ਮਈ-ਜੂਨ 1913 ਵਿਚ ਗਦਰ ਪਾਰਟੀ ਦੀ ਸਥਾਪਨਾ ਲਈ ਪਹਿਲੀ ਇਕੱਤਰਤਾ ਹੋਈ ਸੀ, ਉਸਦੇ ਨਜ਼ਦੀਕ ਖੁੱਲ੍ਹੀ ਥਾਂ ਵਿਚ ਪੂਰਾ ਦਿਨ ਚੱਲੇ ਇਸ ਸਮਾਗਮ ਨੂੰ ਕਈ ਭਾਈਚਾਰਿਆਂ ਦੇ ਲੋਕਾਂ ਨੇ ਸੰਬੋਧਨ ਕੀਤਾ। ਇਸ ਦੌਰਾਨ ਸਿੱਖਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ ਅਤੇ ਭੰਗੜਾ ਪੇਸ਼ ਕੀਤਾ ਗਿਆ। ਸਮਾਗਮ ਵਿੱਚ ਔਰੇਗਨ ਤੋਂ ਇਲਾਵਾ ਵਾਸ਼ਿੰਗਟਨ, ਕੈਲੀਫੋਰਨੀਆਂ ਅਤੇ ਕੈਨੇਡਾ ਦੇ ਬ੍ਰਿਟਿਸ ਕੋਲੰਬੀਆ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ।
ਸਥਾਨਕ ਇਤਿਹਾਸਕਾਰ ਜੋਹਾਨਾ ਓਡਨ ਨੇ ਕਿਹਾ ਕਿ ਐਸਟੋਰੀਆ ਵਿੱਚ ਹੋਈ ਪਹਿਲੀ ਮੀਟਿੰਗ ਬਾਰੇ ਕੁਝ ਵਰ੍ਹੇ ਪਹਿਲਾਂ ਤਕ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਐਸਟੋਰੀਆ ਸਿਟੀ ਕੌਂਸਲ ਨੂੰ ਲਿਖਿਆ, ਜਿਸ ਤੋਂ ਬਾਅਦ ਉਦੋਂ ਦੇ ਮੇਅਰ ਨੇ ਪਹਿਲੀ ਮੀਟਿੰਗ ਦੀ 100ਵੀਂ ਵਰ੍ਹੇਗੰਢ ਦੀ ਯਾਦ ਵਿੱਚ ਪਾਰਕ ਵਿੱਚ ਤਖ਼ਤੀ ਲਵਾਈ ਸੀ।
ਪਿਛਲੇ ਸਾਲ ਇਹ ਤਖ਼ਤੀ ਇੱਥੋਂ ਚੋਰੀ ਹੋ ਗਈ ਸੀ। ਇਸ ਨੂੰ ਦੁਬਾਰਾ ਫੇਰ ਲਾਇਆ ਗਿਆ। ਇੱਥੋਂ ਦੇ ਸਿੱਖ ਵਪਾਰੀ ਬਹਾਦਰ ਸਿੰਘ ਨੇ ਭਾਈਚਾਰੇ ਦੇ ਹੋਰ ਲੋਕਾਂ ਨਾਲ ਮਿਲ ਕੇ ਅਸਟੋਰੀਆ ਦੀ ਗਦਰ ਯਾਦਗਾਰੀ ਸੰਸਥਾ ਬਣਾਈ ਹੈ।
ਬਹਾਦਰ ਸਿੰਘ ਨੇ ਕਿਹਾ ਕਿ ਇਹ ਉਹ ਥਾਂ ਹੈ ਜਿੱਥੇ ਇਕ ਸਦੀ ਪਹਿਲਾਂ ਗਦਰ ਪਾਰਟੀ ਦੇ ਬੀਜ ਬੀਜੇ ਗਏ ਸੀ। ਅਗਲੀਆਂ ਪੀੜੀਆਂ ਲਈ ਇਸ ਨੂੰ ਸਾਂਭ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਹੈ।
ਗਦਰ ਯਾਦਗਾਰੀ ਸੰਸਥਾ ਅਸਟੋਰੀਆ ਵਲੋਂ ਇਸ ਨੂੰ ਸਾਲਾਨਾ ਸਮਾਗਮ ਵਜੋਂ ਮਨਾਉਣ ਤੇ ਪਾਰਟੀ ਦੇ ਸੰਸਥਾਪਕਾਂ ਦੀ ਇਕ ਯਾਦਗਾਰੀ ਉਸਾਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।