ਚੰਡੀਗੜ੍ਹ: ਨਸ਼ਿਆਂ ਨਾਲ ਬੀਤੇ ਦਿਨਾਂ ਦੌਰਾਨ ਹੋਈਆਂ ਲਗਾਤਾਰ ਮੌਤਾਂ ਤੋਂ ਬਾਅਦ ਕੁਝ ਹਰਕਤ ਵਿਚ ਆਈ ਪੰਜਾਬ ਸਰਕਾਰ ਦੀਆਂ ਕਾਰਵਾਈਆਂ ਭਾਵੇਂ ਜ਼ਮੀਨੀ ਪੱਧਰ ‘ਤੇ ਕੁਝ ਸਾਰਥਕ ਕੰਮ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਪਰ ਜ਼ਬਾਨੀ-ਕਲਾਮੀ ਪੰਜਾਬ ਸਰਕਾਰ ਕੁਝ ਕਦਮ ਚੁੱਕਦੀ ਜ਼ਰੂਰ ਨਜ਼ਰ ਆ ਰਹੀ ਹੈ। ਇਹਨਾਂ ਜ਼ਬਾਨੀ-ਕਲਾਮੀ ਕਾਰਵਾਈਆਂ ਦੀ ਲੜੀ ਵਿਚ ਇਕ ਹੋਰ ਕਦਮ ਜੋੜਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਤਾਦਾਦ ਦੇ ਮੱਦੇਨਜ਼ਰ ਮਨੋਰੋਗਾਂ ਦੇ ਸੇਵਾ-ਮੁਕਤ ਮਾਹਿਰਾਂ ਦੀਆਂ ਸੇਵਾਵਾਂ ਲੈਣ ਅਤੇ ਪ੍ਰਾਈਵੇਟ ਮਾਹਿਰਾਂ ਦੀਆਂ ਪੂਰਾ ਸਮਾਂ ਜਾਂ ਸੀਮਤ ਸਮੇਂ ਦੀਆਂ ਸੇਵਾਵਾਂ ਹਾਸਲ ਕਰਨ ਦੇ ਹੁਕਮ ਦਿੱਤੇ ਹਨ।

ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ ਹੁਣ ਤੱਕ ਚੁੱਕੇ ਨਸ਼ਾ ਵਿਰੋਧੀ ਕਦਮਾਂ ਦੀ ਚਾਲ ਦਾ ਜਾਇਜ਼ਾ ਲੈਣ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਦੀ ਹਫ਼ਤਾਵਰੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਅਤੇ ਅਫਸਰਾਂ ਨੂੰ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਨਸ਼ਾ ਛੱਡਣ ਲਈ ਆਉਂਦੇ ਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਘੜਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਸ਼ਿਆਂ ਦੀ ਲਾਹਨਤ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕਤਾ ਫੈਲਾਉਣ ਲਈ ਵਿਆਪਕ ਮੀਡੀਆ ਮੁਹਿੰਮ ਆਰੰਭਣ ਦੀ ਵੀ ਹਦਾਇਤ ਕੀਤੀ।
ਮੁੱਖ ਮੰਤਰੀ ਨੇ ਜ਼ਿਲ੍ਹਾ ਅਥਾਰਟੀਆਂ ਨੂੰ ਤੈਅ ਨੇਮਾਂ ਦੀ ਸਰਾਸਰ ਉਲੰਘਣਾ ਕਰਕੇ ਵੱਡੀ ਮਾਤਰਾ ‘ਚ ਬੁਪਰੀਨੋਰਫੀਨ-ਨੈਲੋਕਸਏਨ ਦਵਾਈ ਦੀ ਵਿਕਰੀ ਕਰਨ ਵਾਲੇ ਕੇਂਦਰਾਂ ਵਿਰੁੱਧ ਕਾਰਵਾਈ ਕਰਨ ਲਈ ਵੀ ਆਖਿਆ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਸੂਬਾ ਸਰਕਾਰ ਦੇ ਨਸ਼ਾ ਵਿਰੋਧੀ ਕਦਮਾਂ ਨੂੰ ਹੋਰ ਅੱਗੇ ਵਧਾਉਣ ਲਈ ਪੰਜਾਬ ਵਿੱਚ ਹੋਰ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਸਥਾਪਨਾ ਕਰਨ ਵਾਸਤੇ ਵਿੱਤੀ ਗਰਾਂਟ ਹਾਸਲ ਕਰਨ ਲਈ ਕੇਂਦਰੀ ਸਮਾਜਿਕ ਸ਼ਸ਼ਕਤੀਕਰਨ ਅਤੇ ਨਿਆਂ ਮੰਤਰਾਲੇ ਕੋਲ ਪਹੁੰਚ ਕਰਨ ਲਈ ਆਖਿਆ।
ਨਸ਼ਿਆਂ ਨਾਲ ਸਬੰਧਿਤ ਮੌਤਾਂ ਦੀ ਐਫ਼ਆਈਆਰ ਦਰਜ ਕਰਨ ਦੇ ਹੁਕਮ
ਪੰਜਾਬ ਵਿਚ ਨਸ਼ਿਆਂ ਨਾਲ ਹੋਈਆਂ ਮੌਤਾਂ ਦੇ ਸਰਕਾਰ ਕੋਲ ਸਹੀ ਵੇਰਵੇ ਨਾ ਦਰਜ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਨਸ਼ਿਆਂ ਖ਼ਿਲਾਫ਼ ਕਾਇਮ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਨੇ ਪੁਲੀਸ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਅਜਿਹੀ ਹਰੇਕ ਸ਼ੱਕੀ ਮੌਤ ਬਾਰੇ ਐਫ਼ਆਈਆਰ ਦਰਜ ਕੀਤੀ ਜਾਵੇ। ਪੁਲੀਸ ਨੂੰ ਹਦਾਇਤ ਕੀਤੀ ਗਈ ਹੈ ਕਿ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕੁਦਰਤੀ ਮੌਤ ਵਜੋਂ ਦਿਖਾ ਕੇ ਮਾਮਲੇ ਨੂੰ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।
ਇਹ ਹੁਕਮ ਬੀਤੇ ਦੋ ਮਹੀਨਿਆਂ ਦੌਰਾਨ ਸੂਬੇ ਵਿੱਚ ਨਸ਼ਿਆਂ ਕਾਰਨ 50 ਤੋਂ ਵੱਧ ਮੌਤਾਂ ਹੋਣ ਦੇ ਮੱਦੇਨਜ਼ਰ ਦਿੱਤੇ ਗਏ ਹਨ। ਗ਼ੌਰਤਲਬ ਹੈ ਕਿ ਪੁਲੀਸ ਨੇ ਇਨ੍ਹਾਂ ਸਾਰੀਆਂ ਮੌਤਾਂ ਦਾ ਕਾਰਨ ਨਸ਼ਾ ਨਹੀਂ ਲਿਖਿਆ। ਇਹੋ ਕਾਰਨ ਹੈ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਇਥੋਂ ਤੱਕ ਦਾਅਵਾ ਕਰ ਗਏ ਕਿ ਨਸ਼ਿਆਂ ਕਾਰਨ ਸੂਬੇ ਵਿੱਚ ਮਹਿਜ਼ ਦੋ ਮੌਤਾਂ ਹੋਈਆਂ ਹਨ। ਐਸਟੀਐਫ਼ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੇ ਸਾਰੇ ਪੁਲੀਸ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਜਾਰੀ ਪੰਜ ਸਫ਼ਿਆਂ ਦੇ ਸੁਨੇਹੇ ਵਿੱਚ ਕਿਹਾ ਕਿ ਐਫ਼ਆਈਆਰ ਦਰਜ ਕਰਨ ਤੋਂ ਬਚਣ ਨਾਲ ਉਲਟਾ ਦੋਸ਼ੀਆਂ ਨੂੰ ਬਚ ਨਿਕਲਣ ਵਿੱਚ ਮਦਦ ਮਿਲ ਸਕਦੀ ਹੈ।