ਚੰਡੀਗੜ੍ਹ (25 ਸਤੰਬਰ , 2014) : ਨਨਕਾਣਾ ਸਾਹਿਬ ਫਾਂਉਡੇਸ਼ਨ ਦੇ ਚੇਅਰਮੈਨ ਸ੍ਰ. ਗੰਗਾ ਸਿੰਘ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ।
ਉਨ੍ਹਾਂ ਬੁੱਧਵਾਰ ਨੂੰ 2 ਵਜੇ ਅਮਰੀਕਾ ਚ ਵਾਸ਼ਿੰਗਟਨ ਡੀ. ਸੀ. ਵਿਖੇ ਆਪਣੀ ਰਿਹਾਇਸ਼ ਤੇ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਮ ਸਸਕਾਰ 27 ਸਤੰਬਰ (ਸ਼ਨੀਵਾਰ) ਨੂੰ ਵਾਸ਼ਿੰਗਟਨ ਡੀ. ਸੀ. ਵਿਖੇ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਹਾਲੈਂਡ ਨੇ ਦੱਸਿਆ ਕਿ ਗੰਗਾ ਸਿੰਘ ਢਿਲੋਂ ਨੂੰ ਸਿੱਖ ਇਤਹਾਸ ਚ ਖਾਲਿਸਤਾਨੀ ਮੂਵਮੈਂਟ ਦੇ ਸੰਸਥਾਪਕਾਂ ਚੋਂ ਜਾਣਿਆ ਜਾਂਦਾ ਸੀ। ਗੰਗਾ ਸਿੰਘ ਢਿੱਲੋਂ ਨੇ ਸਿੱਖਾਂ ਲਈ ਇਕ ਅਜ਼ਾਦ ਦੇਸ਼ ਦੀ ਮੰਗ ਕਰਦਿਆਂ ਸਿੱਖਾਂ ਨੂੰ ਇਕ ਰਾਸ਼ਟਰ ਵਜੋਂ ਪੇਸ਼ ਕੀਤਾ ਸੀ।
ਉਹ ਆਪਣੀ ਸਾਰੀ ਉਮਰ ਸਿੱਖਾਂ ਦੇ ਵੱਖਰੇ ਦੇਸ਼ ਦੀ ਮੰਗ ਲਈ ਲੜਦੇ ਰਹੇ। 1991 ਚ ਉਨ੍ਹਾਂ ਨੂੰ ਭਾਰਤ ਚ ਦਾਖਲ ਨਹੀਂ ਹੋਣ ਦਿਤਾ ਗਿਆ ਸੀ ਤੇ ਅਮਰੀਕਾ ਭੇਜ ਦਿਤਾ ਗਿਆ ਸੀ। ਗੰਗਾ ਸਿੰਘ ਢਿਲੋਂ ਨੇ ਨਾ ਸਿਰਫ ਖਾਲਿਸਤਾਨੀ ਮੁਹਿੰਮ ਬਲਕਿ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਚ ਸਿੱਖਾਂ ਦੇ ਬੇਰੋਕ ਦਾਖਲੇ ਨੂੰ ਸੁਨਿਸ਼ਚਤ ਕਰਨ ਲਈ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 1999 ਚ ਹੋਈ ਸਥਾਪਨਾ ਲਈ ਵੀ ਮੋਹਰੀ ਰੋਲ ਅਦਾ ਕੀਤਾ ਸੀ।
ਭੁਪਿੰਦਰ ਸਿੰਘ ਹਾਲੈਂਡ ਨੇ ਕਿਹਾ ਕਿ ਗੰਗਾ ਸਿੰਘ ਢਿਲੋਂ ਦੇ ਅਕਾਲ ਚਲਾਣੇ ਨਾਲ ਸਿੱਖ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਪ੍ਰਮਾਤਮਾ ਪਾਸੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਵਿਛੜੀ ਰੂਹ ਨੂੰ ਚਰਨਾਂ ਚ ਸਥਾਨ ਦੇਣ ਦੀ ਬੇਨਤੀ ਕੀਤੀ।