ਚੰਡੀਗੜ੍ਹ: ਡੇਰਾ ਸੌਦਾ ਸਾਧ ਤੇ ਸਪੈਸ਼ਲ ਸੀਬੀਆਈ ਕੋਰਟ ਪੰਚਕੂਲਾ ਵਿਖੇ ਚੱਲ ਰਹੇ ਦੋ ਕਤਲ ਕੇਸਾਂ ਦੀ ਆਖਰੀ ਬਹਿਸ 20 ਫਰਵਰੀ ਨੂੰ ਹੋਵੇਗੀ।ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਡੇਰਾ ਪ੍ਰੇਮੀ ਰਣਜੀਤ ਸਿੰਘ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸਾਂ ਵਿੱਚ 20 ਫਰਵਰੀ ਨੂੰ ਆਖਰੀ ਬਹਿਸ ਦੀ ਤਰੀਕ ਨਿਯਤ ਕੀਤੀ।

ਜਿਕਰਯੋਗ ਹੈ ਕਿ 10 ਜੁਲਾਈ, 2002 ਨੂੰ ਕਤਲ ਕੀਤੇ ਗਏ ਸਾਬਕਾ ਡੇਰਾ ਪ੍ਰੇਮੀ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਮੁੱਖ ਦੋਸ਼ੀ ਸਾਧ ਗੁਰਮੀਤ ਦੇ ਨਾਲ ਸਹਿ ਦੋਸ਼ੀ ਕ੍ਰਿਸ਼ਨ ਲਾਲ, ਜਸਬੀਰ, ਇੰਦਰਸੇਨ, ਅਵਤਾਰ ਅਤੇ ਸਬਦਿਲ ਤੇ ਮੁਕੱਦਮਾ ਚੱਲ ਰਿਹਾ ਹੈ। ਜਦਕਿ 10 ਜੁਲਾਈ, 2002 ਨੂੰ ਕਤਲ ਹੋਏ ਪੱਤਰਕਾਰ ਛੱਤਰਪਤੀ ਦੇ ਕਤਲ ਕੇਸ ਵਿੱਚ ਵੀ ਸਾਧ ਗੁਰਮੀਤ, ਕ੍ਰਿਸ਼ਨ ਲਾਲ, ਨਿਰਮਲ ਸਿੰਘ ਅਤੇ ਕੁਲਦੀਪ ਤੇ ਮੁੱਕਦਮਾ ਚੱਲ ਰਿਹਾ ਹੈ।
ਸੀਬੀਆਈ ਅਨੁਸਾਰ ਪੱਤਰਕਾਰ ਛੱਤਰਪਤੀ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਡੇਰੇ ਵਿੱਚ ਹੋ ਰਹੀਆਂ ਗੈਰਕਨੂੰਨੀ ਸਰਗਰਮੀਆਂ ਬਾਰੇ ਲਿੱਖਦਾ ਸੀ। ਰਣਜੀਤ ਨੂੰ ਇਸ ਕਾਰਨ ਕਤਲ ਕੀਤਾ ਗਿਆ ਕਿਉਂਕਿ ਡੇਰੇ ਵਿੱਚ ਸਾਧਵੀਆਂ ਨਾਲ ਹੋ ਰਹੇ ਸ਼ਰੀਰਕ ਸੋਸ਼ਣ ਸੰਬੰਧੀ ਵੰਡੀਆਂ ਗਈਆਂ ਚਿੱਠਿੀਆਂ ਪਿੱਛੇ ਉਸ ਦਾ ਹੱਥ ਹੋਣ ਦਾ ਸ਼ੱਕ ਸੀ।
ਇਸ ਤੋਂ ਪਹਿਲਾਂ ਸਾਧ ਗੁਰਮੀਤ ਦੇ ਵਕੀਲ ਐਸ.ਕੇ ਗਰਗ ਨਰਵਾਨਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਦਰਜ ਕਰਵਾਈ ਸੀ ਕਿ ਹੇਠਲੀ ਅਦਾਲਤ ਵਿੱਚ ਹੋ ਰਹੀ ਕਤਲ ਕੇਸਾਂ ਸਬੰਧੀ ਸੁਣਵਾਈ ਤੇ ਰੋਕ ਲਗਾਈ ਜਾਵੇ।ਇਸ ਅਪੀਲ ਤੇ ਬੁਧਵਾਰ ਨੂੰ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਹੇਠਲੀ ਅਦਾਲਤ ਕੇਸਾਂ ਦੀ ਸੁਣਵਾਈ ਜਾਰੀ ਰੱਖੇ ਪਰ ਹਾਈ ਕੋਰਟ ਵਿੱਚ ਹੋਣ ਵਾਲੀ ਰੋਕ ਸੰਬੰਧੀ 18 ਫਰਵਰੀ ਦੀ ਸੁਣਵਾਈ ਤੋਂ ਪਹਿਲਾਂ ਇਸ ਕੇਸ ਵਿੱਚ ਕੋਈ ਫੈਂਸਲਾ ਨਾ ਸੁਣਾਵੇ।
ਇਸ ਦੇ ਨਾਲ ਹੀ ਸਾਧ ਗੁਰਮੀਤ ਤੇ ਚੱਲ ਰਹੇ ਸਾਧਵੀਆਂ ਨਾਲ ਸ਼ਰੀਰਕ ਸੋਸ਼ਣ ਦੇ ਕੇਸ ਦੀਆਂ ਸੁਣਵਾਈਆਂ ਹੋ ਚੁੱਕੀਆਂ ਹਨ ਤੇ ਹਾਈ ਕੋਰਟ ਵੱਲੋਂ ਰੋਕ ਵਾਲੀ ਅਪੀਲ ਤੇ ਫੈਂਸਲੇ ਤੋਂ ਬਾਅਦ ਇਸ ਕੇਸ ਦਾ ਫੈਂਸਲਾ ਵੀ ਸੁਣਾਇਆ ਜਾਵੇਗਾ। ਸਾਧ ਗੁਰਮੀਤ ਤੇ ਚੱਲ ਰਹੇ ਬਲਾਤਕਾਰ ਦੇ ਕੇਸ ਦੀ ਅਗਲੀ ਸੁਣਵਾਈ ਵੀ 20 ਫਰਵਰੀ ਨੂੰ ਹੋਵੇਗੀ।