
ਚੰਡੀਗੜ੍ਹ (22 ਮਾਰਚ, 2015): ਨਵੀਂ ਆ ਰਹੀ ਪੰਜਾਬੀ ਫਿਲਮ “ਨਾਨਕ ਸ਼ਾਹ ਫਕੀਰ” ਵੱਡੇ ਵਿਵਾਦ ਵਿੱਚ ਘਿਰਦੀ ਨਜ਼ਰ ਆ ਰਹੀ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ‘ਤੇ ਸਖਤ ਇਤਰਾਜ਼ ਜਤਾਇਆ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਇਸ ਫਿਲਮ ਨੂੰ ਰੱਦ ਕਰ ਚੁੱਕੀ ਹੈ।
ਚੰਡੀਗੜ੍ਹ ਤੋਂ ਪ੍ਰਕਾਸ਼ਿਤ ਅਮਰ ਉਜ਼ਾਲਾ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਮੇਟੀ ਨੇ ਪਹਿਲਾਂ ਹੀ ਇਸ ਫਿਲਮ ਨੂੰ ਰੱਦ ਕਰ ਦਿੱਤਾ ਹੈ ਅਤੇ ਜੇਕਰ ਇਸਦੇ ਨਿਰਮਾਤਾ ਫਿਲਮ ਜਾਰੀ ਕਰਦੇ ਹਨ ਤਾਂ ਇਸਤੋਂ ਨਿਕਲੇ ਸਿੱਟਿਆ ਲਈ ਖੁਦ ਜਿਮੇਵਾਰ ਹੋਣਗੇ।
ਅਵਤਾਰ ਸਿੰਘ ਮੱਕੜ ਨੇ ਨਿਰਮਾਤਾ ਵੱਲੋਂ ਪਿੱਛਲੇ ਦਿਨੀ ਯੂ ਟਿਯੂਬ ‘ਤੇ ਫਿਲਮ ਦੇ ਟਰੇਲਰ ਵਿੱਚ ਜਾਰੀ ਸੰਦੇਸ਼ ” ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਲੀ ਸਹਾਇਤਾ ਅਤੇ ਅਸ਼ੀਰਵਾਦ ਲਈ ਧੰਨਵਾਦ ਕਰਦੇ ਹਾਂ” ‘ਤੇ ਵੀ ਇਤਰਾਜ਼ ਉਠਾਇਆ ਹੈ।
ਉਨ੍ਹਾਂ ਕਿਹਾ ਕਿ ਫਿਲਮ “ਨਾਨਕ ਸ਼ਾਹ ਫਕੀਰ” ਦਾ ਨਿਰਮਾਤਾ ਸ਼੍ਰੀ ਅਕਾਲ ਤਖਤ ਦੀ ਹਮਾਇਤ ਵਾਲਾ ਸੰਦੇਸ਼ ਫਿਲਮਾ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਫਿਲਮਾਂ ਆਦਿ ਨੂੰ ਹਮਾਇਤ ਨਹੀਂ ਕਰਦਾ।

ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਉੱਪਰ ਬਣੀਆਂ ਫਿਲ਼ਮਾਂ ਸਿਰਫ ਸ਼੍ਰੌਮਣੀ ਕਮੇਟੀ ਵੱਲੋਂ ਪਾਸ ਕਰਨ ਉਪਰੰਤ ਹੀ ਜਾਰੀ ਹੋ ਸਕਦੀਆਂ ਹਨ।ਫਿਲਮਾਂ ਆਦਿਕ ਵਿੱਚ ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫਿਲਮਾਂ ਵਿੱਚ ਫਿਲਮਾਉਣ ‘ਤੇ ਪਾਬੰਦੀ ਹੈ।ਫਿਲਮ ਨਾਨਕ ਸ਼ਾਹ ਫਕੀਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਇੱਕ ਪਾਤਰ ਵਜੋਂ ਫਿਲਮਾਇਆ ਗਿਆ ਹੈ, ਇਸ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਇਸਨੂੰ ਰੱਦ ਕਰ ਦਿੱਤਾ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਹਰਿੰਦਰ ਸਿੱਕਾ ਜਾਂ ਕਿਸੇ ਹੋਰ ਨੂੰ ਫਿਲਮ “ਨਾਨਕ ਸ਼ਾਹ ਫਕੀਰ” ਲਈ ਕੋਈ ਹਮਾਇਤ ਨਹੀਂ ਕੀਤੀ।
ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸਿਆਸਤ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ “ਨਾਨਕ ਸ਼ਾਹ ਫਕੀਰ” ਨੂੰ ਕੋਈ ਹਮਾਇਤ ਨਹੀਂ ਦਿੱਤੀ।ਸਿੱਖ ਨੌਜਵਾਨ ਜੱਥੇਬੰਦੀ “ਸਿੱਖ ਯੂਥ ਆਫ ਪੰਜਾਬ” ਨੇ ਵੀ ਫਿਲਮ ਦੇ ਵਿਰੋਧ ਐਲਾਨ ਕੀਤਾ ਹੈ।