ਅੰਮਿ੍ਤਸਰ (9 ਅਪ੍ਰੈਲ, 2015): ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਲੈ ਜਾਣ ਸਬੰਧੀ ਪ੍ਰਚਲਿਤ ਮਰਯਾਦਾ ਪ੍ਰਤੀ ਅਣਗਹਿਲੀ ਦਿਖਾਉਣ ਦੀ ਆਪਣੀ ਭੁੱਲ ਸਵੀਕਾਰਦਿਆਂ ਗ੍ਰੰਥੀ ਦੀਆਂ ਸੇਵਾਵਾਂ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਸ਼ੋ੍ਰਮਣੀ ਕਮੇਟੀ ਦੀ ਅੰਤਿ੍ੰਗ ਵੱਲੋਂ ਵਿਚਾਰ ਚਰਚਾ ਉਪਰੰਤ ਪ੍ਰਵਾਨ ਕਰ ਲਿਆ ਗਿਆ ਹੈ ।

ਬੀਤੇ ਦਿਨੀਂ ਪਾਲਕੀ ਲਿਆਉਣ ਦੀਆਂ ਸਵੇਰ ਸਾਰ ਰਵਾਇਤਾਂ ਨੂੰ ਨਿਭਾਉਣ ਲਈ ਸ਼ੋ੍ਰਮਣੀ ਕਮੇਟੀ ਵੱਲੋਂ ਜਾਰੀ ਸੂਚੀ ਤਹਿਤ ਗਿਆਨੀ ਜਸਵਿੰਦਰ ਸਿੰਘ ਦੀ ਡਿਊਟੀ ਸੀ, ਪਰ ਉਹ ਸਵੇਰੇ ਸਾਢੇ 4 ਵਜੇ ਦੇ ਸਮੇਂ ‘ਤੇ ਨਹੀਂ ਸਨ ਪਹੁੰਚੇ । ਜਦ ਮੈਨੇਜਰ ਸ੍ਰੀ ਹਰਿਮੰਦਰ ਸਾਹਿਬ ਨੇ ਉਨ੍ਹਾਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਭੁਲੇਖੇ ਤਹਿਤ ਆਪਣੀ ਡਿਊਟੀ ਨਾ ਹੋਣ ਦਾ ਇਜ਼ਹਾਰ ਕਰ ਦਿੱਤਾ ।
ਜਿਸ ਦੌਰਾਨ ਪਾਲਕੀ ਲਿਆਉਣ ਲਈ ਕੁਝ ਸਮਾਂ ਦੇਰੀ ਹੋ ਗਈ ਅਤੇ ਅਚਨਚੇਤੀ ਹਾਲਾਤਾਂ ਦੌਰਾਨ ਪਰੰਪਰਾ ਤੋਂ ਵੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਨੂੰ ਪਾਲਕੀ ਨਾਲ ਜਾਣਾ ਪਿਆ । ਇਸ ਦੌਰਾਨ ਹੀ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਪੁੱਜ ਗਏ, ਜਿਨ੍ਹਾਂ ਹੁਕਮਨਾਮੇ ਦੀ ਸੇਵਾ ਨਿਭਾਈ । ਆਪਣੀ ਭੁੱਲ ਨੂੰ ਅਣਜਾਣੇ ‘ਚ ਹੋਈ ਗਲਤੀ ਮੰਨਦਿਆਂ ਗਿਆਨੀ ਜਸਵਿੰਦਰ ਸਿੰਘ ਨੇ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ ।
ਸ਼ੋ੍ਰਮਣੀ ਕਮੇਟੀ ਦੇ ਸੂਤਰਾਂ ਅਨੁਸਾਰ ਇਸ ਸਬੰਧੀ ਅੰਤਿਰਗ ਕਮੇਟੀ ਵੱਲੋਂ ਪਹਿਲਾਂ ਹੀ ਉਨ੍ਹਾਂ ਨੂੰ ਸੇਵਾ ਮੁਕਤ ਕਰਨ ਸਬੰਧੀ ਫ਼ੈਸਲਾ ਲੈ ਲਿਆ ਸੀ ਅਤੇ ਇਸ ਦੀ ਸੂਚਨਾ ਮਗਰੋਂ ਉਨ੍ਹਾਂ ਆਪਣਾ ਅਸਤੀਫ਼ਾ ਭੇਜ ਦਿੱਤਾ ।
ਜ਼ਿਕਰਯੋਗ ਹੈ ਕਿ ਕਰੀਬ ਡੇਢ ਵਰ੍ਹਾ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਲੜੀ ਭੁੱਲਣ ਕਾਰਨ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਉਨ੍ਹਾਂ ਦੀਆਂ ਸੇਵਾਵਾਂ ਘਟਾ ਕੇ ਗ੍ਰੰਥੀ ਨਿਯੁਕਤ ਕਰ ਦਿੱਤਾ ਸੀ।