ਜਲੰਧਰ ( 12 ਅਗਸਤ 2014): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਕਸਿਤਾਨ ਸਬੰਧੀ ਬਿਆਨ ਕਿ “ਪਾਕਿਸਤਾਨ ਵਿੱਚ ਹੁਣ ਆਮੋ-ਸਾਹਮਣੀ ਲੜਾਈ ਲੜਨ ਦੀ ਤਾਕਤ ਨਹੀਂ ਹੈ”, ਬਿਆਨ ‘ਤੇ ਗੱਲਬਾਤ ਕਰਨ ਲਈ ਦੋਹਾਂ ਦੇਸ਼ਾਂ ਦੇ ਸਾਬਕਾ ਫੌਜੀ ਅਧਿਕਾਰੀਆਂ ਨਾਲ ਇੱਕ ਟੀ.ਵੀ ਚੈਨਲ ਨੇ ਗੱਲਬਾਤ ਕੀਤੀ।
ਪਾਕਿਸਤਾਨ ਵੱਲੋਂ ਸਾਬਕਾ ਸੁਰੱਖਿਆ ਮਾਹਿਰ ਤਾਰਿਕ ਪੀਰਜ਼ਾਦਾ ਅਤੇ ਭਾਰਤ ਦੀ ਤਰਫੋਂ ਫੌਜ ਦੇ ਸਾਬਕਾ ਕਰਨਲ ਯੂ. ਐੱਸ ਰਾਠੌਰ ਨਾਲ ਫੌਨ ਲਾਇਨ ‘ਤੇ ਗੱਲ ਕੀਤੀ।
ਪਾਕਿਸਤਾਨੀ ਸਾਬਕਾ ਰੱਖਿਆ ਮਾਹਿਰ ਪੀਰਜ਼ਾਦਾ ਨੇ ਮੋਦੀ ਦੇ ਬਿਆਨ ‘ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਭਾਰਤ ਨੂੰ ਹੁਣ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ। ਪਾਕਿਸਤਾਨ ਇਸ ਸਮੇਂ ਬਹੁਤ ਮਜ਼ਬੂਤ ਹੈ ਅਤੇ ਹਰ ਤਰਾਂ ਦੀ ਲੜਾਈ ਦੇ ਸਮਰੱਥ ਹੈ।
ਇਸ ਵਾਰ ਜੰਗ ਪ੍ਰਮਾਣੂ ਜੰਗ ਹੋਵੇਗੀ, ਜਿਸ ਵਿੱਚ ਜ਼ਿਆਦਾ ਨੁਕਸਾਨ ਭਾਰਤ ਦਾ ਹੀ ਹੋਵੇਗਾ। ਪਰ ਅਸੀ ਕਸ਼ਮੀਰ ਮਸਲੇ ਦੇ ਹੱਲ ਲਈ ਜ਼ੋਰ ਦੇ ਰਹੇ ਹਾਂ।
ਇਸ ਗੱਲ ਦੇ ਜ਼ੁਆਬ ਵਿੱਚ ਭਾਰਤ ਦੇ ਸਾਬਕਾ ਕਰਨਲ ਯੂ. ਐੱਸ ਰਾਠੌਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਦਮ ਹੈ ਤਾਂ ਇੱਕ ਵਾਰ ਮੈਦਾਨ ਵਿੱਚ ਤਾਂ ਆ ਕੇ ਵਿਖਾਵੇ।ਪ੍ਰਮਾਣੂ ਹਥਿਆਰ ਸਾਡੇ ਕੋਲ ਵੀ ਘੱਟ ਨਹੀਂ। ਜੇਕਰ ਇਸ ਵਾਰ ਜੰਗ ਹੋਈ ਤਾਂ ਪਾਕਿਸਤਾਨ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਵੇਗਾ।
ਪੀਰਜ਼ਾਦਾ ਨੇ ਜਬਾਬੀ ਵਾਰ ਕਰਦਿਆਂ ਕਿਹਾ ਕਿ ਕਾਰਗਿਲ ਵਿੱਚ ਅਸੀਂ ਭਾਰਤ ਦਾ ਭਾਰੀ ਨੁਕਸਾਨ ਕੀਤਾ, ਦੋ ਜ਼ਹਾਜ ਡੇਗੇ, ਏਨੇ ਜਵਾਨ ਮਾਰੇ ਪਰ ਭਾਰਤ ਫਿਰ ਵੀ ਕੁਝ ਨਹੀਂ ਕਰ ਸਕਿਆ। ਉਹ ਕੰਟਰੋਲ਼ ਰੇਖਾ ਤੋਂ ਇੱਕ ਇੰਚ ਵੀ ਅੱਗੇ ਨਹੀਂ ਵੱਧ ਸਕਿਆ।
ਇਸਦਾ ਜਬਾਬ ਦਿੰਦਿਆਂ ਰਾਠੌਰ ਨੇ ਕਿਹਾ ਭਾਰਤ ਨੂੰ ਰੋਕਣ ਲਈ ਤੁਹਾਡਾ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਦੇ ਤਰਲੇ ਕਰਨ ਚਲਾ ਗਿਆ ਸੀ, ਪਰ ਅਮਰੀਕੀ ਰਾਸ਼ਟਰਪਤੀ ਨੇ ਉਸਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਸੀ।
ਦੋਵਾਂ ਦੇਸ਼ਾਂ ਦੇ ਸੁਰੱਖਿਆ ਮਾਹਿਰ ਟੀ. ਵੀ ‘ਤੇ ਇਸ ਤਰਾਂ ਉਲਝੇ ਕਿ ਜਿਵੇਂ ਹੁਣੇ ਹੀ ਜੰਗ ਸ਼ੁਰੂ ਹੀ ਜਾਵੇਗੀ।
ਇਸ ਤਰਾਂ ਇਹ ਬਹਿਸ ਟੀ.ਵੀ ‘ਤੇ ਕੁਝ ਮਿੰਟ ਚੱਲਣ ਮਗਰੋਂ ਬੰਦ ਕਰ ਦਿੱਤੀ।