January 20, 2024 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ – ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ, ਦਲ ਖਾਲਸਾ ਨੇ ਫਰਾਂਸ ਦੇ ਰਾਸ਼ਟਰਪਤੀ, ਜੋ 26 ਜਨਵਰੀ ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਦਿੱਲੀ ਆ ਰਹੇ ਹਨ ਨੂੰ ਇੱਕ ਖ਼ਤ ਭੇਜਿਆ ਹੈ ਜਿਸ ਵਿਚ ਲਿਖਿਆ ਹੈ ਕਿ ਭਾਰਤ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਬਤੌਰ ਮੁੱਖ ਮਹਿਮਾਨ ਤੁਹਾਡੀ ਸ਼ਮੂਲੀਅਤ, ਹੱਕਾਂ ਅਤੇ ਨਿਆਂ ਲਈ ਸੰਘਰਸ਼ ਕਰਦੀਆਂ ਕੌਮਾਂ ਅਤੇ ਲੋਕਾਂ ਦੇ ਹੌਸਲਿਆਂ ਨੂੰ ਪਸਤ ਕਰੇਗੀ।
ਭਾਰਤ ਵਿੱਚ ਫਰਾਂਸ ਦੇ ਰਾਜਦੂਤ ਰਾਹੀਂ ਫਰਾਂਸ ਦੇ ਰਾਸ਼ਟਰਪਤੀ ਸ੍ਰੀ ਇਮੈਨੁਅਲ ਮੈਕਰੋਨ ਨੂੰ ਲਿਖੇ ਪੱਤਰ ਵਿੱਚ ਦਲ ਖਾਲਸਾ ਆਗੂ ਨੇ ਮੰਗ ਕੀਤੀ ਕਿ ਹੁਣ ਜਦੋ ਤੁਸੀਂ ਭਾਰਤੀ ਜਸ਼ਨਾਂ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰ ਹੀ ਲਿਆ ਹੈ ਤਾਂ ਨਵੀਂ ਦਿੱਲੀ ਫੇਰੀ ਦੌਰਾਨ ਆਪਣੇ ਭਾਰਤੀ ਹਮਰੁਤਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਦੇਸ਼ੀ ਧਰਤੀ ’ਤੇ ਖੁਫੀਆ ਏਜੰਸੀਆਂ ਵੱਲੋਂ ਸਿੱਖਾਂ ਦੀਆਂ ਟਾਰਗਿਟ ਕਿਲਿੰਗ, ਮਨੁੱਖੀ ਅਧਿਕਾਰਾਂ ਦੇ ਸਤਿਕਾਰ ਦੀ ਬਹਾਲੀ, ਮੁਲਕ ਅੰਦਰ ਬੰਦੀਆਂ ਲਈ ਨਿਯਮਾਂ ਅਤੇ ਕਾਨੂੰਨਾਂ ਨੂੰ ਇਕਸਾਰਤਾ ਨਾਲ ਲਾਗੂ ਕਰਨ ਅਤੇ ਮੁਲਕ ਅੰਦਰ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਨੂੰ ਸੰਯੁਕਤ ਰਾਸ਼ਟਰ ਦੇ ਇਕਰਾਰਨਾਮਿਆਂ ਦੇ ਅਨੁਸਾਰ ਸਵੈ-ਨਿਰਣੇ ਦਾ ਅਧਿਕਾਰ ਦੇਣ ਸਬੰਧੀ ਮਹੱਤਵਪੂਰਨ ਮੁੱਦਿਆਂ ‘ਤੇ ਗੱਲ-ਬਾਤ ਕਰੋ। ਜਥੇਬੰਦੀ ਨੇ ਫਰਾਂਸ ਅੰਦਰ ਦਸਤਾਰ ਅਤੇ ਪਛਾਣ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਸਮੱਸਿਆ ਨੂੰ ਹੱਲ ਕਰਨ ‘ਤੇ ਵੀ ਜ਼ੋਰ ਦਿੱਤਾ ਹੈ।
ਪਾਰਟੀ ਦੇ ਰਾਜਨੀਤਿਕ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਇਹ ਗੱਲ ਆਪ ਨਾਲ ਸਾਂਝੀ ਕਰਨਾ ਮਹੱਤਵਪੂਰਨ ਹੈ ਕਿ ਜਦੋਂ ਭਾਰਤ ਆਪਣਾ ਗਣਤੰਤਰ ਦਿਵਸ ਮਨਾ ਰਿਹਾ ਹੈ, ਘੱਟ ਗਿਣਤੀਆਂ ਖਾਸ ਕਰਕੇ ਸਿੱਖ, ਜੋ ਕਿ ਮੌਜੂਦਾ ਹਕੂਮਤ ਦੀਆਂ ਫਾਸ਼ੀਵਾਦੀ ਨੀਤੀਆਂ ਦੇ ਕਾਰਨ ਜਬਰ ਅਤੇ ਸੰਤਾਪ ਝੱਲ ਰਹੀਆਂ ਹਨ, 26 ਜਨਵਰੀ ਨੂੰ ‘ਬਲੈਕ ਗਣਤੰਤਰ ਦਿਵਸ’ ਵਜੋਂ ਮਨਾ ਰਹੇ ਹਨ।
26 ਜਨਵਰੀ ਨੂੰ ਮੋਗਾ ਵਿਖੇ ਦਲ ਖ਼ਾਲਸਾ ਅਤੇ ਮਾਨ ਦਲ ਵੱਲੋਂ ਹੋਣ ਵਾਲੇ ਪ੍ਰੋਟੈਸਟ ਮਾਰਚ ਦਾ ਹਵਾਲਾ ਦਿੰਦੇ ਹੋਏ, ਉਹਨਾਂ ਅੱਗੇ ਲਿਖਿਆ ਕਿ 26 ਤਾਰੀਕ ਦਾ ਦਿਨ ਸ਼ਾਂਤਮਈ ਪ੍ਰਦਰਸ਼ਨ ਅਤੇ ਘੱਟ ਗਿਣਤੀਆਂ ਨਾਲ ਕੀਤੇ ਗਏ ਸੰਵਿਧਾਨਕ ਅਨਿਆਂ ਅਤੇ ਵਿਤਕਰੇ ਨੂੰ ਯਾਦ ਕਰਨ ਦਾ ਦਿਨ ਹੋਵੇਗਾ।
ਦਲ ਖਾਲਸਾ ਪੱਤਰ ਵਿੱਚ ਲਿਖਿਆ ਹੈ ਕਿ ਇਸ ਪੜਾਅ ‘ਤੇ, ਜਦੋਂ ਅੰਤਰ-ਰਾਸ਼ਟਰੀ ਦਮਨ ਵਿੱਚ ਭਾਰਤ ਸਰਕਾਰ ਦੀ ਭੂਮਿਕਾ ਦੀ ਵਿਸ਼ਵ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ, ਭਾਰਤ ਦੇ ਮੁੱਖ ਮਹਿਮਾਨ ਵਜੋਂ ਤੁਹਾਡਾ ਮਹਿਮਾਨ ਬਣ ਕੇ ਆਉਣ ਦੇ ਫੈਸਲੇ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਬਹੁਤ ਨਿਰਾਸ਼ ਕੀਤਾ ਹੈ। ਹਾਲਾਂਕਿ, ਅਸੀਂ ਅਜੇ ਵੀ ਉਮੀਦ ਕਰਦੇ ਹਾਂ ਕਿ ਫਰਾਂਸ ਭਾਰਤ ਦੇ ਅੰਦਰ ਅਤੇ ਵਿਸ਼ਵ ਪੱਧਰ ‘ਤੇ ਸਿੱਖ ਭਾਈਚਾਰੇ ਨੂੰ ਪੇਸ਼ ਖ਼ਤਰਿਆਂ ਅਤੇ ਮਿਲ ਰਹੀਆਂ ਚੁਣੌਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ, ਅਤੇ ਆਪਣੇ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ਦੇ ਸਿਧਾਂਤ ’ਤੇ ਵਚਨਬੱਧ ਰਹੇਗਾ।
ਪੱਤਰ ਵਿੱਚ ਕੈਨੇਡੀਅਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਅਤੇ ਬਾਅਦ ਵਿੱਚ ਅਮਰੀਕੀ ਨਿਆਂਪਾਲਿਕਾ ਵਲੋ ਭਾਰਤੀ ਖੁਫੀਆ ਏਜੰਸੀ ਦੇ ਇੱਕ ਏਜੰਟ ਨੂੰ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਉਸ ਵਿਰੁੱਧ ਕੇਸ ਚਲਾਉਣ ਦਾ ਸਪੈਸ਼ਲ ਜ਼ਿਕਰ ਕੀਤਾ ਗਿਆ ਹੈ। ਖ਼ਤ ਵਿੱਚ ਇਹਨਾਂ ਕਦਮਾਂ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਜਸਟਿਸ ਸਿਸਟਮ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਫਰਾਂਸ ਵੱਲੋਂ ਧਾਰੀ ਚੁੱਪ ਤੇ ਖੇਦ ਪ੍ਰਗਟਾਇਆ ਗਿਆ। ਦਲ ਖ਼ਾਲਸਾ ਆਗੂ ਨੇ ਜ਼ਿਕਰ ਕੀਤਾ ਹੈ ਕਿ ਇਹਨਾਂ ਹਾਲਾਤਾਂ ਦੇ ਮੱਦੇਨਜਰ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਬਾਈਡਨ ਨੇ 26 ਜਨਵਰੀ ਦੇ ਜਸ਼ਨਾਂ ਲਈ ਮੁੱਖ ਮਹਿਮਾਨ ਬਨਣ ਦੇ ਭਾਰਤ ਦੇ ਸੱਦੇ ਨੂੰ ਮਨਜ਼ੂਰ ਨਹੀ ਕੀਤਾ।
ਦਲ ਖਾਲਸਾ ਦੇ ਅਨੁਸਾਰ, ਜਦੋਂ ਤੋਂ ਭਾਰਤੀ ਖੁਫੀਆ ਏਜੰਸੀਆਂ ਦੇ ਵਿਦੇਸ਼ਾਂ ਅੰਦਰ ਗੈਰ-ਨਿਆਇਕ ਆਪਰੇਸ਼ਨ ਦਾ ਪਰਦਾਫਾਸ਼ ਹੋਇਆ ਹੈ, ਭਾਰਤ ਦੀ ਕੂਟਨੀਤਿਕ ਸਤਰ ਤੇ ਸਥਿਤੀ ਡਾਵਾਂਡੋਲ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ‘ਤੇ ਭਾਰਤ ਦੇ ਗੋਲ-ਮੋਲ ਜਵਾਬਾਂ ਨੇ ਸਾਡੀਆਂ ਚਿੰਤਾਵਾਂ ਅਤੇ ਡਰ ਨੂੰ ਹੋਰ ਵਧਾ ਦਿੱਤਾ ਹੈ।
ਦਲ ਖਾਲਸਾ ਦੇ ਪੱਤਰ ਵਿੱਚ ਫਰਾਂਸ ਦੀ ਸਰਕਾਰ ਵੱਲੋਂ ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਨ ਦੇ ਸਮਰਥਨ ਦਾ ਵੀ ਵਿਰੋਧ ਕੀਤਾ ਗਿਆ ਹੈ। ਆਗੂ ਨੇ ਕਿਹਾ, ਸਪੱਸ਼ਟ ਤੌਰ ‘ਤੇ, ਅਗਰ ਕਦੇ ਅਜਿਹਾ ਹੁੰਦਾ ਹੈ ਤਾਂ ਘੱਟ ਗਿਣਤੀ ਲੋਕਾਂ ਅਤੇ ਕੌਮਾਂ ਦੇ ਅਧਿਕਾਰਾਂ ਅਤੇ ਦੱਖਣੀ ਏਸ਼ੀਆਈ ਸ਼ਾਂਤੀ ਲਈ ਵਧੇਰੇ ਨੁਕਸਾਨਦੇਹ ਅਤੇ ਖਤਰਨਾਕ ਹੋਵੇਗਾ।
ਦਲ ਖ਼ਾਲਸਾ ਆਗੂ ਨੇ ਵਿਦੇਸ਼ੀ ਧਰਤੀ ‘ਤੇ ਭਾਰਤੀ ਖੁਫ਼ੀਆ ਏਜੰਟਾਂ ਦੁਆਰਾ ਨਿਸ਼ਾਨਾ ਬਣਾਏ ਗਏ ਗੈਰ-ਨਿਆਇਕ ਕਤਲਾਂ ਦਾ ਹਵਾਲਾ ਦਿੰਦੇ ਹੋਏ, ਕਿਹਾ ਕਿ ਨਾ ਸਿਰਫ਼ ਪੰਜਾਬ ਅਤੇ ਭਾਰਤ ਵਿੱਚ, ਸਗੋਂ ਹੋਰਨਾਂ ਦੇਸ਼ਾਂ ਵਿੱਚ ਵੀ ਸਿੱਖਾਂ ਨੂੰ ਆਪਣੀ ਹੋਂਦ ਅਤੇ ਪਛਾਣ ਲਈ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜ਼ਾਦੀ ਪਸੰਦ ਜਥੇਬੰਦੀ ਵੱਲੋਂ ਪੱਤਰ ਵਿੱਚ ਦੁਹਰਾਇਆ ਗਿਆ ਹੈ ਕਿ ਪੰਜਾਬ ਦੇ ਲੋਕ ਆਪਣੀ ਪ੍ਰਭੂਸੱਤਾ ਅਤੇ ਅਜ਼ਾਦੀ ਨੂੰ ਹਾਸਿਲ ਕਰਨ ਲਈ ਪਿਛਲੇ ਚਾਲੀ ਸਾਲਾਂ ਤੋਂ ਨਿਰੰਤਰ ਯਤਨਸ਼ੀਲ ਅਤੇ ਸੰਘਰਸ਼ੀਲ ਹਨ।
Related Topics: Bhai Kanwarpal Singh, Dal Khalsa, Emmanuel Macron, France, Indian Government, Narendra Modi