ਲੰਡਨ: ਇੱਥੇ ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਵਿਚ ਭਾਗ ਲੈਣ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਭਾਰਤ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਚ ਹਿੰਦੁਤਵੀਆਂ ਦੀ ਥਾਂ ਬਣਦਾ ਜਾ ਰਿਹਾ ਹੈ ਜਿੱਥੇ ਹਿੰਸਾ ਅਤੇ ਬਲਾਤਕਾਰ ਦੀਆਂ ਘਟਨਾਵਾਂ ਵੱਡੀ ਗਿਣਤੀ ਵਿਚ ਵਧੀਆਂ ਹਨ।

ਇਸ ਦੌਰਾਨ ਪ੍ਰਦਰਸ਼ਨ ਦੇ ਮੁੱਖ ਮੁੱਦਿਆਂ ਵਿਚ ਕਠੂਆ ਵਿਚ ਹਿੰਦੁਤਵੀਆਂ ਵਲੋਂ 8 ਸਾਲਾ ਬੱਚੀ ਆਸਿਫਾ ਦਾ ਬਲਾਤਕਾਰ, ਉਨਾਓ ਵਿਚ ਭਾਜਪਾ ਵਿਧਾਇਕ ਵਲੋਂ ਇਕ ਕੁੜੀ ਦੇ ਬਲਾਤਕਾਰ ਸਮੇਤ ਕਸ਼ਮੀਰੀਆਂ ਅਤੇ ਪੰਜਾਬ ਵਿਚ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਅਤੇ ਦਲਿਤਾਂ ਤੇ ਮੁਸਲਮਾਨਾਂ ਖਿਲਾਫ ਵੱਧ ਰਹੀ ਹਿੰਸਾ ਮੁੱਖ ਮੁੱਦੇ ਰਹੇ। ਪ੍ਰਦਰਸ਼ਨਕਾਰੀਆਂ ਵਲੋਂ ਮੋਦੀ ਨੂੰ ਕਾਤਲ ਅਤੇ ਫਾਸ਼ੀਵਾਦੀ ਕਹਿੰਦੇ ਬੈਨਰ ਫੜੇ ਹੋਏ ਸੀ ਤੇ “ਮੋਦੀ ਵਾਪਿਸ ਜਾਓ”, “ਮੋਦੀ ਦੇ ਲਾਲਚੀ ਅਤੇ ਨਫਰਤੀ ਰਵੱਈਏ ਦਾ ਵਿਰੋਧ ਕਰਦੇ ਹਾਂ” ਅਤੇ “ਆਸਿਫਾ ਨੂੰ ਇਨਸਾਫ ਦਿਓ” ਵਰਗੇ ਨਾਅਰੇ ਲਾਏ ਜਾ ਰਹੇ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਭਾਰਤੀ ਤਿਰੰਗਾ ਵੀ ਫਾੜਿਆ ਗਿਆ।

ਇਸ ਦੌਰਾਨ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਖਾਲਿਸਤਾਨ ਅਤੇ ਕਸ਼ਮੀਰ ਦੀ ਅਜ਼ਾਦੀ ਲਈ ਵੀ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨ ਦੌਰਾਨ ਪਾਰਲੀਮੈਂਟ ਸਕੁਏਅਰ ਵਿਖੇ ਲੱਗੇ ਗਾਂਧੀ ਦੇ ਬੁੱਤ ਦੇ ਹੱਥ ਵਿਚ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਪੱਖੀ ਇਕ ਸੁਨੇਹਾ ਫੜਾ ਦਿੱਤਾ।

ਮੋਦੀ ਖਿਲਾਫ ਹੋਏ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਪ੍ਰਭਾਵ ਨੂੰ ਕੁਝ ਘੱਟ ਕਰਨ ਲਈ ਮੋਦੀ ਦੇ ਸਮਰਥਨ ਵਿਚ ਵੀ ਪ੍ਰਦਰਸ਼ਨਕਾਰੀ ਇਕੱਠੇ ਹੋਏ ਤੇ ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਪੁਲਿਸ ਨੇ ਇਕ ਕੜੀ ਬਣਾ ਕੇ ਦੋਵਾਂ ਵਿਚ ਦੂਰੀ ਨੂੰ ਯਕੀਨੀ ਬਣਾਇਆ। ਜਿੱਥੇ ਮੋਦੀ ਵਿਰੋਧੀ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰ ਰਹੇ ਸੀ ਉੱਥੇ ਮੋਦੀ ਸਮਰਥਕਾਂ ਵਲੋਂ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਾਏ ਗਏ।