ਲੰਡਨ — ਸਿੱਖ ਫੈਡਰੇਸ਼ਨ (ਯੂ.ਕੇ.) ਵੱਲੋਂ ਜਾਰੀ ਕੀਤੇ ਗਏ ਇੱਕ ਸਖ਼ਤ ਸ਼ਬਦਾਂ ਵਾਲੇ ਲਿਖਤੀ ਬਿਆਨ, ਜਿਸਦੀ ਇੱਕ ਕਾਪੀ ਸਿੱਖ ਸਿਆਸਤ ਨਿਊਜ਼ (SSN) ਕੋਲ ਮੌਜੂਦ ਹੈ, ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਚਾਰ ਰੋਜ਼ਾ ਭਾਰਤ ਦੌਰੇ ਤੋਂ ਪਹਿਲਾਂ ਕਨੇਡਾ ਸਰਕਾਰ ਦੀ ਪਹੁੰਚ ‘ਤੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਹਨ।
ਇਹ ਵਿਵਾਦ ਮੁੰਬਈ ਵਿੱਚ ਕਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀ ਪੱਤਰਕਾਰਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਸ਼ੁਰੂ ਹੋਇਆ ਹੈ ਜਿੱਥੇ ਉਹਨਾਂ ਤੋਂ ਵਾਰ-ਵਾਰ ਸਵਾਲ ਪੁੱਛੇ ਗਏ ਸਨ। ਪ੍ਰੈਸ ਰਿਲੀਜ਼ ਅਨੁਸਾਰ, ਅਨੀਤਾ ਆਨੰਦ ਇਹ ਸਪੱਸ਼ਟ ਕਰਨ ਵਿੱਚ ਅਸਫਲ ਰਹੀ ਕਿ ਕੀ ਉਹ ਬੁੱਧਵਾਰ ਨੂੰ ਬਿਆਨ ਦੇਣ ਵਾਲੇ ਉਹਨਾਂ ਕੈਨੇਡੀਅਨ ਅਧਿਕਾਰੀਆਂ ਨਾਲ ਸਹਿਮਤ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਜੇਕਰ ਭਾਰਤ ਸਰਕਾਰ ਅਜੇ ਵੀ ਸਿੱਖ ਕਾਰਕੁਨਾਂ ਅਤੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ, ਸਿਆਸੀ ਦਖਲਅੰਦਾਜ਼ੀ, ਹਿੰਸਾ ਅਤੇ ਅੰਤਰਰਾਸ਼ਟਰੀ ਜਬਰ (transnational repression) ਵਿੱਚ ਸ਼ਾਮਲ ਹੁੰਦੀ ਤਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਦਾ ਦੌਰਾ ਨਾ ਕਰਦੇ।
“ਕਾਰ-ਕ੍ਰੈਸ਼ ਇੰਟਰਵਿਊ” ਅਤੇ ਜਵਾਬ ਦੇਣ ਵਿੱਚ ਅਸਫਲਤਾ
ਸਿੱਖ ਫੈਡਰੇਸ਼ਨ (ਯੂ.ਕੇ.) ਨੇ ਇਸ ਮੀਡੀਆ ਗੱਲਬਾਤ ਨੂੰ “ਕਾਰ-ਕ੍ਰੈਸ਼ ਇੰਟਰਵਿਊ” ਕਰਾਰ ਦਿੰਦਿਆਂ ਕਿਹਾ ਕਿ ਮੰਤਰੀ ਅਨੀਤਾ ਆਨੰਦ “ਇੱਕ ਸਧਾਰਨ ਸਵਾਲ ਦਾ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਵਿੱਚ ਅਸਫਲ ਰਹੀ।”
ਸਿੱਖ ਫੈਡਰੇਸ਼ਨ (ਯੂ.ਕੇ.) ਦੇ ਮੁੱਖ ਕਾਰਜਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਕਨੇਡਾ ਸਰਕਾਰ ਕੋਲ ਇਹਨਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਠੋਸ ਜਾਣਕਾਰੀ ਮੌਜੂਦ ਹੈ। ਬਿਆਨ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ, “ਅਨੀਤਾ ਆਨੰਦ ਜਾਣਦੀ ਹੈ ਕਿ ਆਰ.ਸੀ.ਐਮ.ਪੀ (RCMP) ਅਤੇ ਸੀ.ਐਸ.ਆਈ.ਐਸ (CSIS) ਕੋਲ ਬਹੁਤ ਸਾਰੇ ਸਬੂਤ ਅਤੇ ਖੁਫੀਆ ਜਾਣਕਾਰੀ ਮੌਜੂਦ ਹੈ ਕਿ ਸਿਆਸੀ ਦਖਲਅੰਦਾਜ਼ੀ, ਹਿੰਸਾ ਅਤੇ ਅੰਤਰਰਾਸ਼ਟਰੀ ਜਬਰ ਕਨੇਡਾ ਵਿੱਚ ਅਜੇ ਵੀ ਇੱਕ ਗੰਭੀਰ ਅਤੇ ਅਸਲ ਖ਼ਤਰਾ ਬਣਿਆ ਹੋਇਆ ਹੈ।”
ਪ੍ਰਧਾਨ ਮੰਤਰੀ ਮਾਰਕ ਕਾਰਨੀ ਲਈ ਵਧਣਗੀਆਂ ਮੁਸ਼ਕਲਾਂ
ਸਿੱਖ ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦਾ ਆਪਣਾ ਪੱਖ ਸਪੱਸ਼ਟ ਕਰਨ ਵਿੱਚ ਇਹ ਅਸਫਲਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਮੁਸ਼ਕਲ ਸਥਿਤੀ ਵਿੱਚ ਪਾ ਦੇਵੇਗੀ। ਜਾਰੀ ਬਿਆਨ ਅਨੁਸਾਰ, “ਅਨੀਤਾ ਆਨੰਦ ਵੱਲੋਂ ਸਥਿਤੀ ਨੂੰ ਸਪੱਸ਼ਟ ਕਰਨ ਦਾ ਮੌਕਾ ਗੁਆਉਣ ਨਾਲ ਹੁਣ ਇਹ ਤੈਅ ਹੈ ਕਿ ਕੈਨੇਡੀਅਨ ਪੱਤਰਕਾਰ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਮਾਰਕ ਕਾਰਨੀ ਨੂੰ ਵੀ ਇਹੀ ਸਵਾਲ ਕਰਨਗੇ, ਜਦੋਂ ਤੱਕ ਕਿ ਕੈਨੇਡੀਅਨ ਅਧਿਕਾਰੀਆਂ ਦੁਆਰਾ ਦਿੱਤੇ ਗਏ ਗਲਤ ਬਿਆਨ ਨੂੰ ਸਪੱਸ਼ਟ ਕਰਨ ਲਈ ਤੁਰੰਤ ਕੋਈ ਲਿਖਤੀ ਬਿਆਨ ਜਾਰੀ ਨਹੀਂ ਕੀਤਾ ਜਾਂਦਾ।”
ਬਿਆਨ ਦੇ ਅੰਤ ਵਿੱਚ, ਸਿੱਖ ਫੈਡਰੇਸ਼ਨ (ਯੂ.ਕੇ.) ਨੇ ਦਾਅਵਾ ਕੀਤਾ ਕਿ ਮੰਤਰੀ ਅਨੀਤਾ ਆਨੰਦ ਦੇ “ਅਕਸ ਨੂੰ ਭਾਰੀ ਠੇਸ ਪਹੁੰਚੀ ਹੈ ਕਿਉਂਕਿ ਕੈਨੇਡੀਅਨ ਸਰਕਾਰੀ ਅਧਿਕਾਰੀਆਂ ਦੁਆਰਾ ਕੀਤੀਆਂ ਗਈਆਂ ਭੋਲੀਆਂ (naïve) ਟਿੱਪਣੀਆਂ ਤੋਂ ਆਪਣੇ ਆਪ ਨੂੰ ਦੂਰ ਕਰਨਾ ਉਹਨਾਂ ਲਈ ਕਿਤੇ ਜ਼ਿਆਦਾ ਆਸਾਨ ਹੋਣਾ ਸੀ।”
