ਚੰਡੀਗੜ੍ਹ: ਮੀਡੀਆ ਵਿਚ ਛਪੀਆਂ ਖ਼ਬਰਾਂ ਮੁਤਾਬਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿਚ ਭੇਜਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਦਿੱਲੀ ਦੀਆਂ ਵੱਖ ਵੱਖ ਅਦਾਲਤਾਂ ਵਿਚ ਭਾਈ ਹਵਾਰਾ ਵਿਰੁੱਧ ਚੱਲ ਰਹੇ ਛੇ ਕੇਸਾਂ ਦੀ ਸੁਣਵਾਈ ਪੂਰੀ ਹੋ ਗਈ ਹੈ। ਆਖ਼ਰੀ ਕੇਸ ’ਚ ਉਹ 29 ਮਈ ਨੂੰ ਬਰੀ ਹੋ ਗਏ ਸੀ। ਦਿੱਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਤਬਾਦਲੇ ਦੀ ਸੂਚਨਾ ਦੇ ਦਿੱਤੀ ਗਈ ਹੈ। ਉਹ ਪਿਛਲੇ ਸੱਤ ਸਾਲ ਤੋਂ ਤਿਹਾੜ ਜੇਲ੍ਹ ਵਿਚ ਬੰਦ ਹਨ।

ਪੰਜਾਬ ਦੀਆਂ ਅੱਧੀ ਦਰਜਨ ਅਦਾਲਤਾਂ ਵਿਚ ਉਨ੍ਹਾਂ ਖਿਲਾਫ 29 ਕੇਸ ਚੱਲ ਰਹੇ ਹਨ। ਦਿੱਲੀ ਤੋਂ ਭਾਈ ਹਵਾਰਾ ਨੂੰ ਪੇਸ਼ੀ ’ਤੇ ਲਿਆਉਣ ਵੇਲੇ ਭਾਰੀ ਸੁਰੱਖਿਆ ਦੇ ਬੰਦੋਬਸਤ ਦੀ ਲੋੜ ਪੈਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿਚ ਭੇਜਿਆ ਜਾ ਰਿਹਾ ਹੈ। ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਉਨ੍ਹਾਂ ਨੂੰ ਤਬਦੀਲ ਕਰਨ ਦੇ ਆਸਾਰ ਘੱਟ ਹਨ।
ਚੰਡੀਗੜ੍ਹ ਦੀ ਅਦਾਲਤ ਵਿਚ ਉਨ੍ਹਾਂ ਖਿਲਾਫ ਕੋਈ ਕੇਸ ਨਹੀਂ ਚਲ ਰਿਹਾ। ਉਨ੍ਹਾਂ ਵਿਰੁੱਧ ਤਿੰਨ ਕੇਸ ਲੁਧਿਆਣਾ ਦੀਆਂ ਅਦਾਲਤਾਂ ਵਿਚ ਚਲ ਰਹੇ ਹਨ। ਜਲੰਧਰ ਦੀਆਂ ਅਦਾਲਤਾਂ ਵਿਚ ਦੋ, ਸਮਰਾਲਾ ਦੀ ਅਦਾਲਤ ਵਿਚ ਛੇ, ਧੂਰੀ ਦੀ ਅਦਾਲਤ ਵਿਚ ਇਕ, ਚਮਕੌਰ ਸਾਹਿਬ ਦੀ ਅਦਾਲਤ ਵਿਚ ਤਿੰਨ ਅਤੇ ਇਕ ਕੇਸ ਅੰਬਾਲਾ ਦੀ ਅਦਾਲਤ ਵਿਚ ਸੁਣਵਾਈ ਅਧੀਨ ਹੈ। ਕਈ ਹੋਰ ਕੇਸਾਂ ਦੀ ਸੁਣਵਾਈ ਵੀ ਅਦਾਲਤਾਂ ਵਿਚ ਚੱਲ ਰਹੀ ਹੈ। ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਨੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਉਸ ਨੂੰ ਪੰਜਾਬ ਵਿਚ ਭੇਜਣ ਦੀ ਮੰਗ ਕੀਤੀ ਹੈ। ਅਦਾਲਤ ਵੱਲੋਂ ਪਟੀਸ਼ਨ ’ਤੇ ਸੁਣਵਾਈ ਸੱਤ ਜੁਲਾਈ ਨੂੰ ਕੀਤੀ ਜਾਣੀ ਹੈ।