ਮਿਲਾਨ , ਇਟਲੀ (26 ਦਸੰਬਰ, 2015); ਭਾਰਤ ਵਿੱਚ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਅਤੇ ਸਿੱਖ ਸਰੋਕਾਰਾਂ ਦੀ ਗੱਲ ਕਰਨ ਵਾਲੇ ਸਿੱਖ ਭਾਰਤ ਸਰਕਾਰ ਦੇ ਨਿਸ਼ਾਨੇ ‘ਤੇ ਹਨ ਅਤੇ ਸਰਕਾਰ ਉਨਾਂ ਸਿੱਖਾਂ ਦੇ ਵਿਰੁੱਧ ਵਿਦੇਸ਼ੀ ਸਰਕਾਰਾਂ ਦੇ ਕੰਮ ਭਰਨ ਤੋਂ ਇਲਾਵਾ ਉਨ੍ਹਾਂ ਖਿਲਾਫ ਇੰਟਰਪੋਲ ਰਾਹੀ ਕਾਰਵਾਈ ਕਰ ਰਹੀ ਹੈ।
ਪਿਛਲੇ ਦਿਨੀ ਬਰਤਾਨਵੀਂ ਨਾਗਰਿਕ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਸਰਕਾਰ ਦੀ ਬਿਨ੍ਹਾ ‘ਤੇ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤ ਸਰਕਾਰ ਪੰਮਾ ਨੂੰ ਰੁਲਦਾ ਸਿੰਘ ਕਤਲ ਕੇਸ, ਪਟਿਆਲਾ ਅਤੇ ਅੰਬਾਲਾ ਬੰਬ ਧਮਾਕਿਆ ਵਿੱਚ ਗ੍ਰਿਫਤਾਰ ਕਰਨਾ ਚਾਹੁੰਦਾ ਹੈ।
ਭਾਈ ਪਰਮਜੀਤ ਸਿੰਘ ਪੰਮਾ ਦੀ ਗ੍ਰਿਫਤਾਰੀ ਤੋਂ ਬਾਅਦ ਯੂਰੋਪ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਰਲ ਕੇ ਚੱਲਣ ਦੇ ਲਏ ਗਏ ਅਹਿਦ ਬਾਅਦ ਯੂਰੋਪੀਅਨ ਪਾਰਲੀਮੈਂਟ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਮਸਲਾ ਜੋਰਦਾਰ ਢੰਗ ਨਾਲ ਉਠਾਉਣ ਤੋਂ ਖਫਾ ਭਾਰਤ ਸਰਕਾਰ ਨੇ ਹੁਣ ਭਾਈ ਗੁਰਦਿਆਲ ਸਿੰਘ ਢਕਾਣਸੂ ਨੂੰ ਮੁੜ ਇੰਟਰਪੋਲ ਰਾਹੀਂ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ।
ਸੰਪਰਕ ਕਰਨ ‘ਤੇ ਭਾਈ ਢਕਾਣਸੂ ਨੇ ਕਿਹਾ ਕਿ ਕੌਮ ਦੀ ਆਜ਼ਾਦੀ ਲਈ ਉਹ ਬਣਦਾ ਯੋਗਦਾਨ ਸੰਘਰਸ਼ ਵਿੱਚ ਪਾ ਚੁੱਕੇ ਹਨ ਅਤੇ ਯੂਰੋਪ ਵਿੱਚ ਰਹਿੰਦੇ ਹੋਏ ਉਹ ਜਮਹੂਰੀ ਤਰੀਕੇ ਨਾਲ ਹਰ ਸੰਭਵ ਯਤਨ ਕਰਦੇ ਹੋਏ ਜੂਝਦੇ ਰਹਿਣਗੇ।