ਚੰਡੀਗੜ੍ਹ: ਬਾਦਲ ਪਰਿਵਾਰ ਦੀ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਆਤਮ ਹੱਤਿਆ ਕਰ ਰਹੇ ਕਿਸਾਨਾਂ ਦੇ ਨਾਲ-ਨਾਲ ਪੰਜਾਬ ਦੀਆਂ ਸੜਕਾਂ ‘ਤੇ ਬੇਲਾਗਮ ਚਲ ਰਹੀਆਂ ਬਾਦਲ ਦੀ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਵੀ ਆਏ ਦਿਨ ਲੋਕਾਂ ਨੂੰ ਸੜਕਾਂ ‘ਤੇ ਮੌਤ ਦੇ ਘਾਟ ਉਤਾਰ ਰਹੀਆਂ ਹਨ। ਜਿਸਦੀ ਤਾਜਾ ਮਿਸਾਲ ਹੁਸ਼ਿਆਰਪੁਰ-ਦਸੂਹਾ ਨਜਦੀਕ ਹੋਏ ਬਾਦਲ ਦੀ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਨੇ ਪਿਤਾ-ਪੁੱਤਰ ਨੂੰ ਸੜਕ ‘ਤੇ ਦਰੜ ਕੇ ਮੌਤ ਦੇ ਘਾਟ ਉਤਾਰ ਦਿਤਾ।
ਇਸ ਹਾਦਸੇ ਵਿਚ ਪਿਤਾ-ਪੁੱਤਰ ਦੀ ਮੌਤ ‘ਤੇ ਦੁਖ ਜਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ‘ਬਾਦਲਾਂ ਦੀਆਂ ਬੱਸਾਂ ਦੇ ਆਤੰਕ ਦੀ ਅੱਤ ਹੋ ਚੁੱਕੀ ਹੈ, ਇਸਦੇ ਅੰਤ ਲਈ ਬਾਦਲਾਂ ਦਾ ਰਾਜਨੀਤਕ ਅੰਤ ਵੀ ਜ਼ਰੂਰੀ ਹੋ ਗਿਆ ਹੈ। ਪੰਜਾਬ ਦੇ ਹਰ ਇੱਕ ਜਿੰਦਾ ਜ਼ਮੀਰ ਵਾਲੇ ਸ਼ਖਸ ਨੂੰ ਅਕਾਲੀ-ਭਾਜਪਾ ਦੇ ਇਸ ਮਾਫੀਆ ਰਾਜ ਦੇ ਖਿਲਾਫ ਇੱਕਜੁਟ ਹੋ ਕੇ ਝੰਡਾ ਚੁੱਕਣਾ ਹੋਵੇਗਾ।

ਮਾਨ ਨੇ ਕਿਹਾ ਕਿ 2016 ਵਿਚ ਅਨੇਕਾਂ ਅਜਿਹੇ ਬੱਸ ਹਾਦਸੇ ਹੋਏ ਹਨ ਜਿਨ੍ਹਾਂ ਵਿਚ ਪੀੜਤਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਹਾਦਸਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬਹੁਚਰਚਿਤ ਮੋਗਾ ਓਰਬਿਟ ਬੱਸ ਕਾਂਡ ਦੇ ਪੀੜਿਤ ਪਰਿਵਾਰ ਦੇ ਇੱਕ ਹੋਰ ਮੈਂਬਰ ਵਲੋਂ ਦੋਸ਼ੀਆਂ ਨੂੰ ਪਹਿਚਾਨਣ ਤੋਂ ਇਨਕਾਰ ਕਰਨਾ, ਜਲੰਧਰ ਵਿੱਚ ਡਬਵਾਲੀ ਟਰਾਂਸਪੋਰਟ ਦੇ ਸਟਾਫ ਦੁਆਰਾ ਇੱਕ ਪੱਤਰਕਾਰ ਦੇ ਨਾਲ ਬਦਸਲੂਕੀ ਕਰਨ ਅਤੇ ਬਾਦਲ ਪਰਿਵਾਰ ਦੀ ਹੀ ਇੱਕ ਲਗਜਰੀ ਬੱਸ ਦੁਆਰਾ ਹੁਸ਼ਿਆਰਪੁਰ ਵਿੱਚ ਇੱਕ 51 ਸਾਲਾ ਸਕੂਟਰ ਸਵਾਰ ਨੂੰ ਦਰੜਣ ਅਤੇ ਬੀਤੇ ਦਿਨ ਹੀ ਹੁਸ਼ਿਆਰਪੁਰ-ਦਸੂਹਾ ਨੇੜੇ ਬਾਦਲ ਦੀ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਨੇ ਪਿਤਾ-ਪੁੱਤਰ ਨੂੰ ਸੜਕ ‘ਤੇ ਦਰੜਣ ਵਰਗੀਆਂ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਹੋਏ ਮਾਨ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਡੁੱਬਿਆ ਬਾਦਲ ਪਰਿਵਾਰ ਪਿਛਲੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲੈਣਾ ਚਾਹੁੰਦਾ।
ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਲਈ ਇਸ ਤੋਂ ਵੱਧ ਬਦਕਿਸਮਤੀ ਕੀ ਹੋਵੇਗੀ ਜਦੋਂ ਰਾਜ ਵਿੱਚ ਕਾਨੂੰਨ-ਵਿਵਸਥਾ ਨੂੰ ਲਾਗੂ ਕਰਨ ਲਈ ਜ਼ਿੰਮੇਦਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਆਪਣੇ ਪਰਿਵਾਰ ਦੀਆਂ ਬੱਸਾਂ ਦਾ ਸਟਾਫ ਕਾਨੂੰਨ ਨੂੰ ਛਿੱਕੇ ਟੰਗ ਕੇ ਸੜਕਾਂ ਉੱਤੇ ਗੁੰਡਾਗਰਦੀ ਨਾਲ ਅੰਨ੍ਹੇਵਾਹ ਬੱਸਾਂ ਚਲਾ ਰਿਹਾ ਹੈ।
ਬਾਦਲਾਂ ਨੇ ਆਪਣੇ ਬੱਸ ਮਾਫੀਆ ਨੂੰ ਖੁੱਲੀ ਛੋਟ ਦਿੱਤੀ ਹੋਈ ਹੈ ਤਾਂ ਜੋ ਲੋਕ ਦਹਿਸ਼ਤ ਵਿੱਚ ਰਹਿਣ ਅਤੇ ਉਨ੍ਹਾਂ ਦਾ ਹਰ ਪ੍ਰਕਾਰ ਦਾ ਮਾਫੀਆ ਬੇਰੋਕ ਚੱਲਦਾ ਰਹੇ। ਨਤੀਜਨ ਬਾਦਲਾਂ ਅਤੇ ਉਨ੍ਹਾਂ ਦੇ ਕਰੀਬੀ ਅਕਾਲੀ-ਭਾਜਪਾ ਨੇਤਾਵਾਂ ਦੀਆਂ ਬੱਸਾਂ ਅਤੇ ਰੇਤ-ਬਜਰੀ ਢੋਣ ਵਾਲੇ ਟਿੱਪਰ-ਟਰੱਕ ਕਿਸੇ ਨਾ ਕਿਸੇ ਦੀ ਜਾਨ ਲੈਂਦੇ ਰਹਿੰਦੇ ਹਨ।
ਅੰਤ ਵਿਚ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਨ ‘ਤੇ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਵਲੋਂ ਸੱਤਾ ਦੇ ਜ਼ੋਰ ਨਾਲ ਲਏ ਅਤੇ ਵਧਾਏ ਗਏ ਬੱਸ ਪਰਮਿਟਾਂ ਦੀ ਜਾਂਚ ਕਰੇਗੀ। ਗਲਤ ਤਰੀਕੇ ਨਾਲ ਲਏ ਗਏ ਪਰਮਿਟਾਂ ਨੂੰ ਰੱਦ ਕਰਕੇ ਬੇਰੋਜਗਾਰ ਨੌਜਵਾਨਾਂ ਵਿਚ ਵੰਡਿਆ ਜਾਵੇਗਾ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਦੇ ਬੇੜੇ ਨੂੰ ਵਧਾ ਕੇ ਪਿੰਡਾਂ ਅਤੇ ਦੂਰ ਦਰਾਡੇ ਦੇ ਬੰਦ ਪਏ ਸਰਕਾਰੀ ਰੂਟਾਂ ਉਤੇ ਚਲਾਇਆ ਜਾਵੇਗਾ।