ਲੁਧਿਆਣਾ (1 ਮਈ, 2015): ਸਿੱਖ ਸੰਘਰਸ਼ ਨਾਲ ਸਬੰਧਿਤ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਅੱਜ ਪੁਲਿਸ ਨੇ ਇੱਕ ਵਾਰ ਫਿਰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ।
ਲੁਧਿਆਣਾ ਦੇ ਐੱਸ.ਐੱਸ ਪੀ ਹਰਚਰਨ ਸਿੰਘ ਬਰਾੜ ਸਬੰਧਿਤ ਖੇਤਰ ਦੇ ਡੀ.ਐੱਸ.ਪੀ ਅਤੇ ਇਲਾਕੇ ਦੇ ਥਾਣਾ ਮੁਖੀ ਸਮੇਤ ਪੁਲਿਸ ਦਾ ਲਾਮ ਲਕਸ਼ਰ ਲੈ ਕੇ ਸ਼ਾਮੀ ਸਾਢੇ ਸੱਤ ਵਜੇ ਬਾਪੂ ਸੂਰਤ ਸਿੰਘ ਦੇ ਪਿੰਡ ਹਸਨਪੁਰ ਪਹੁੰਚਿਆ।

ਐੱਸ.ਐੱਸ.ਪੀ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਦੀ ਸਿਹਤ ਦੇ ਮੱਦੇ ਨਜ਼ਰ ਉਨ੍ਹਾਂ ਦੀ ਡਾਕਟਰੀ ਜਾਂਚ ਕਰਵਾਉਣੀ ਜਰੂਰੀ ਹੈ। ਉੱਥੇ ਹਾਜ਼ਰ ਸੰਗਤ ਨੂੰ ਬਾਪੂ ਸੂਰਤ ਸਿੰਘ ਨੇ ਪੁਲਿਸ ਕਾਰਵਾਈ ਦਾ ਵਿਰੋਧ ਨਾ ਕਰਨ ਦੀ ਅਪੀਲ ਕਰਦਿਆਂ ਸ਼ਾਂਤੀ ਬਣਾਈ ਰੱਖਣ ਲਈ ਕਿਹਾ ।
ਪੁਲਿਸ ਵੱਲੋਂ ਬਾਪੂ ਨੂੰ ਡਾਕਟਰੀ ਜਾਂਚ ਦੇ ਬਹਾਨੇ ਲਿਜਾ ਕੇ ਉਨ੍ਹਾਂ ਨੂੰ ਫਿਰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਤਾਂ ਉਪਰੋਂ ਆਏ ਹੁਕਮਾਂ ਅਨੁਸਾਰ ਹੀ ਕਾਰਵਾਈ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਬਾਪੂ ਸੂਰਤ ਸਿੰਘ ਨੂੰ ਪਹਿਲਾਂ ਵੀ ਪੁਲਿਸ ਨੇ ਗ੍ਰਿਫਤਾਰ ਕਰਕੇ ਜਬਰੀ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਜਿੱਥੇ ਪੁਲਿਸ ਵੱਲੋਂ ਉਨ੍ਹਾਂ ਨੂੰ ਜਬਰੀ ਨਾਲੀ ਰਾਹੀਂ ਖੁਰਾਕ ਦਿੱਤੀ ਜਾਂਦੀ ਰਹੀ ਹੈ।
ਜ਼ਿਕਰਯੋਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਗ ਬਾਦਲ ਨੇ 28 ਮਈ ਨੂੰ ਸਿੱਖ ਜੱਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿੱਚ ਸਰਕਾਰੀ ਧਿਰ ਅਤੇ ਪੰਥਕ ਧਿਰਾਂ ਦੀ ਇੱਕ ਸਾਂਝੀ ਕਮੇਟੀ ਦੇ ਗਠਨ ਦਾ ਵਿਚਾਰ ਹੋਇਆ ਸੀ। ਸਰਕਾਰੀ ਧਿਰ ਨੇ ਇਸ ਕਮੇਟੀ ਵਾਸਤੇ ਆਪਣੇ ਪ੍ਰਤੀਨਿਧਾਂ ਦੇ ਨਾਅ ਦੇ ਦਿੱਤੇ ਹਨ, ਪਰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਸਿੱਖ ਜੱਥੇਬੰਦੀਆਂ ਆਪਣੇ ਨੁਮਾਇੰਦਿਆਂ ਦੇ ਨਾਮ ਨਹੀਂ ਦੇ ਸਕੀਆਂ।