Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਵਿੱਚ ਪੱਤਰਕਾਰਾਂ ਤੇ ਬਿਜਲਸੱਥੀਆਂ ਦੀ ਗ੍ਰਿਫਤਾਰੀਆਂ:  ਪੁਲਿਸ ਬਿਰਤਾਂਤ ਕਾਬੂ ਕਰਨ ਦੀ ਨੀਤੀ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਹੈ (ਖਾਸ ਪੜਚੋਲ)

ਪੰਜਾਬ ਵਿੱਚ ਪੱਤਰਕਾਰਾਂ ਤੇ ਬਿਜਲਸੱਥੀਆਂ ਦੀ ਗ੍ਰਿਫਤਾਰੀਆਂ:  ਪੁਲਿਸ ਬਿਰਤਾਂਤ ਕਾਬੂ ਕਰਨ ਦੀ ਨੀਤੀ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਹੈ (ਖਾਸ ਪੜਚੋਲ)

ਚੰਡੀਗੜ: ਲੰਘੇ ਐਤਵਾਰ ਪਟਿਆਲਾ ਸਬਜੀ ਮੰਡੀ ਵਿਖੇ ਵਾਪਰੀ ਘਟਨਾ ਤੋਂ ਬਾਅਦ ਇੰਝ ਲੱਗਦਾ ਹੈ ਕਿ ਜਿਵੇਂ ਪੰਜਾਬ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੋਵੇ। ਇਸ ਘਟਨਾ ਦੌਰਾਨ ਨਿਹੰਗ ਸਿੰਘਾਂ ਨਾਲ ਹੋਏ ਟਕਰਾਅ ਵਿੱਚ ਪੰਜਾਬ ਪੁਲੀਸ ਦੇ ਇੱਕ ਏ.ਐੱਸ.ਆਈ. ਦਾ ਹੱਥ ਵੱਢਿਆ ਗਿਆ ਸੀ। ਪੰਜਾਬ ਪੁਲੀਸ ਵੱਲੋਂ ਇਸ ਸਮੁੱਚੇ ਘਟਨਾਕ੍ਰਮ ਬਾਰੇ ਪੇਸ਼ ਕੀਤੇ ਜਾ ਰਹੇ ਪੱਖ ਨਾਲੋਂ ਵੱਖਰੇ ਵਿਚਾਰ ਪਰਗਟ ਕਰਨ ਵਾਲਿਆਂ ਵਿਰੁੱਧ ਫੌਜਦਾਰੀ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ।

ਸੋਮਵਾਰ ਨੂੰ 3 ਗ੍ਰਿਫਤਾਰੀਆਂ ਦਾ ਐਲਾਨ ਕੀਤਾ:

ਲੰਘੇ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਮੁਖੀ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਦਾ ਐਲਾਨ ਕੀਤਾ ਗਿਆ। ਇਨ੍ਹਾਂ ਵਿੱਚ ਹੁਸ਼ਿਆਰਪੁਰ ਤੋਂ “ਆਪਣਾ ਸਾਂਝਾ ਪੰਜਾਬ ਟੀ.ਵੀ.” ਚਲਾਉਣ ਵਾਲੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਦਾ ਨਾਂ ਵੀ ਸ਼ਾਮਿਲ ਸੀ।

ਭੁਪਿੰਦਰ ਸਿੰਘ ਸੱਜਣ

ਦੂਜੇ ਦੋ ਵਿਅਕਤੀਆਂ ਨੂੰ ਮਲੋਟ ਅਤੇ ਬਟਾਲਾ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਸਰਕਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਨ੍ਹਾਂ ਵੱਲੋਂ ਪਟਿਆਲਾ ਸਬਜ਼ੀ ਮੰਡੀ ਵਿਖੇ ਵਾਪਰੀ ਘਟਨਾ ਬਾਬਤ ਬਿਜਲ ਸੱਥ ਉੱਤੇ ਗੱਲਬਾਤ ਜਾਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਸਨ। ਤਿੰਨਾਂ ਵਿਰੁਧ ਵੱਖੋ-ਵੱਖ ਮਾਮਲਾ ਦਰਜ ਕੀਤਾ ਗਿਆ ਹੈ।

ਕੀ-ਕੀ ਦੋਸ਼ ਲਗਾਏ ਗਏ ਹਨ?

ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਉੱਪਰ ਭਾਰਤੀ ਦੰਡਾਵਲੀ ਦੀ ਧਾਰਾ 115 (ਮੌਤ ਜਾਂ ਉਮਰ ਕੈਦ ਦੀ ਸਜ਼ਾ ਵਾਲੇ ਜੁਰਮ ਨੂੰ ਸ਼ਹਿਰ ਦੇਣੀ), ਧਾਰਾ 188 ਕਰਫਿਊ ਦੀ ਉਲੰਘਣਾ, ਧਾਰਾ 271 (ਇਕਾਂਤ ਵਾਸ ਦੇ ਨੇਮ ਦੀ ਉਲੰਘਣਾ), ਧਾਰਾ 270 (ਲਾਗ ਵਾਲੀ ਬਿਮਾਰੀ ਫੈਲਾਉਣ ਲਈ ਮੰਦਭਾਗੀ ਕਾਰਵਾਈ ਕਰਨੀ), ਧਾਰਾ 505 (ਵੱਖ-ਵੱਖ ਜਮਾਤਾਂ ਵਿੱਚ ਨਫਰਤ ਜਾਂ ਦੁਸ਼ਮਣੀ ਪੈਦਾ ਕਰਨੀ ਜਾਂ ਫੈਲਾਉਣੀ) ਆਦਿ ਤਹਿਤ ਮਾਮਲੇ ਦਰਜ ਕੀਤੇ ਗਏ ਹਨ।

ਸਮਾਣਾ ਪੁਲਿਸ ਵੱਲੋਂ ਗ੍ਰੰਥੀ ਸਿੰਘ ਦੀ ਗ੍ਰਿਫਤਾਰੀ:

ਇਸੇ ਦੌਰਾਨ ਖਬਰਖਾਨੇ ਰਾਹੀਂ ਇਹ ਜਾਣਕਾਰੀ ਵੀ ਨਸ਼ਰ ਹੋਈ ਹੈ ਕਿ ਸਮਾਣਾ ਪੁਲਿਸ ਨੇ ਕਾਦਰਾਬਾਦ ਦੇ ਇਕ ਗ੍ਰੰਥੀ ਸਿੰਘ ਨੂੰ ਪਟਿਆਲਾ ਸਬਜੀ ਮੰਡੀ ਵਿਖੇ ਵਾਪਰੀ ਘਟਨਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਗ੍ਰਿਫਤਾਰ ਕਰਕੇ ਉਸ ਉਪਰ ਮਾਮਲਾ ਦਰਜ ਕਰ ਲਿਆ ਹੈ।

ਮੁਕੇਰੀਆਂ ਤੋਂ ਸਤਿਕਾਰ ਕਮੇਟੀ ਦੇ ਸਥਾਨਕ ਮੁਖੀ ਦੀ ਗ੍ਰਿਫਤਾਰੀ:

ਇੱਕ ਅਖਬਾਰੀ ਖਬਰ ਮੁਤਾਬਿਕ ਮੁਕੇਰੀਆਂ ਪੁਲਿਸ ਨੇ ਸਤਿਕਾਰ ਕਮੇਟੀ ਦੀ ਸਥਾਨਕ ਇਕਾਈ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ਖਾਲਸਾ ਨੂੰ ਗ੍ਰਿਫਤਾਰ ਕਰਕੇ ਉਸ ਉੱਪਰ ਇੱਕ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਭਾਈ ਦਵਿੰਦਰ ਸਿੰਘ ਵੱਲੋਂ ਇੱਕ ਵੀਡੀਓ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਹੈ।

ਫੇਸਬੁੱਕ ਉੱਤੇ ਜਾਣਕਾਰੀ ਸਾਂਝੀ ਕਰਨ ਵਾਲਾ ਗ੍ਰਿਫਤਾਰ:

ਮੁਕੇਰੀਆਂ ਪੁਲਿਸ ਵੱਲੋਂ ਹੀ ਇੱਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਕਿ ਆਪਣੀ ਫੇਸਬੁੱਕ ਉੱਪਰ ਸਤਿਕਾਰ ਕਮੇਟੀ ਦੇ ਸਥਾਨਕ ਮੁਖੀ ਭਾਈ ਦਵਿੰਦਰ ਸਿੰਘ ਖਾਲਸਾ ਦੀ ਵੀਡੀਓ ਸਾਂਝੀ ਕੀਤੀ ਸੀ।

ਵਿਧਾਇਕ ਸਿਮਰਜੀਤ ਸਿੰਘ ਬੈਂਸ ਉੱਪਰ ਦਬਾਅ ਬਣਾਉਣ ਦੀ ਕਾਰਵਾਈ:

ਲੰਘੇ ਮੰਗਲਵਾਰ ਪੰਜਾਬ ਪੁਲਿਸ ਵੱਲੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਸੁਰੱਖਿਆ ਵਾਪਸ ਲੈ ਲਈ ਗਈ। ਦੱਸਣਾ ਬਣਦਾ ਹੈ ਕਿ ਸਿਮਰਜੀਤ ਸਿੰਘ ਬੈਂਸ ਵੱਲੋਂ ਪਟਿਆਲਾ ਸਬਜੀ ਮੰਡੀ ਘਟਨਾ ਬਾਰੇ ਗੱਲ ਕਰਦਿਆਂ ਪੰਜਾਬ ਪੁਲਿਸ ਦੀ ਲੋਕਾਂ ਨਾਲ ਕੀਤੇ ਜਾਂਦੇ ਵਿਹਾਰ ਦੀ ਨੀਤੀ ਉੱਪਰ ਸਵਾਲ ਚੁੱਕੇ ਗਏ ਸਨ ਅਤੇ ਪੰਜਾਬ ਪੁਲਿਸ ਨੂੰ ਆਪਾ ਪੜਚੋਲ ਕਰਨ ਲਈ ਕਿਹਾ ਗਿਆ ਸੀ। 

ਵਿਧਾਇਕ ਸਿਮਰਨਜੀਤ ਸਿੰਘ ਬੈਸ

ਸਿਮਰਜੀਤ ਸਿੰਘ ਬੈਂਸ ਨੇ ਪਟਿਆਲਾ ਐਤਵਾਰ ਦੀ ਘਟਨਾ ਨੂੰ ਪੰਜਾਬ ਦੇ ਲੋਕਾਂ ਵਿੱਚ ਲੰਘੇ ਦਿਨਾਂ ਦੌਰਾਨ ਪੁਲੀਸ ਵੱਲੋਂ ਕੀਤੀ ਗਈ ਨਿਰਦੋਸ਼ਾਂ ਦੀ ਬੇਕਿਰਕ ਮਾਰ-ਕੁੱਟ ਵਿਰੁੱਧ ਉਪਜੇ ਰੋਸ ਦਾ ਪ੍ਰਗਟਾਵਾ ਦੱਸਿਆ ਸੀ।

ਜਿੱਥੇ ਇੱਕ ਪਾਸੇ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਦੀ ਸੁਰੱਖਿਆ ਕਰਨ ਵਾਲੇ ਕਰਮਚਾਰੀਆਂ ਨੂੰ ਬੈਂਸ ਵੱਲੋਂ ਪੁਲਿਸ ਦੀ ਕੀਤੀ ਗਈ ਆਲੋਚਨਾ ਨਾਲ ਧੱਕਾ ਲੱਗਾ ਹੈ ਅਤੇ ਉਨ੍ਹਾਂ ਆਪ ਹੀ ਵਿਧਾਇਕ ਦੀ ਸੁਰੱਖਿਆ ਵਿੱਚ ਨਾ ਰਹਿਣ ਦਾ ਫੈਸਲਾ ਕੀਤਾ ਹੈ ਉੱਥੇ ਦੂਜੇ ਬੰਨੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਸ ਦੀ ਸੁਰੱਖਿਆ ਕਰ ਰਹੇ ਪੁਲਿਸ ਮੁਲਾਜਮਾਂ ਨੂੰ ਸੁਰੱਖਿਆ ਤੋਂ ਵਾਪਸ ਆ ਜਾਣ ਲਈ ਪੁਲਿਸ ਪ੍ਰਸ਼ਾਸਨ ਨੇ ਹੀ ਮਜਬੂਰ ਕੀਤਾ ਹੈ। ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਮੌਜੂਦ ਹਨ।

ਢਾਡੀ ਜਸਬੀਰ ਸਿੰਘ ਮਾਨ ਗ੍ਰਿਫਤਾਰ:

ਲੰਘੇ ਦਿਨ (ਬੁੱਧਵਾਰ – 15 ਅਪਰੈਲ) ਪੰਜਾਬ ਪੁਲੀਸ ਵੱਲੋਂ ਢਾਡੀ ਭਾਈ ਜਸਬੀਰ ਸਿੰਘ ਮਾਨ ਵਾਸੀ ਪਿੰਡ ਬਲਸਰਾਏ, ਤਹਿਸੀਲ ਬਾਬਾ ਬਕਾਲਾ ਨੂੰ ਗ੍ਰਿਫਤਾਰ ਕਰਕੇ ਉਸ ਉੱਪਰ ਇੱਕ ਮੁਕੱਦਮਾ ਦਰਜ ਕਰ ਲਿਆ ਗਿਆ। 

ਖਬਰਾਂ ਮੁਤਾਬਕ ਇਹ ਮੁਕੱਦਮਾ ਇੱਕ ਵੀਡੀਓ ਰਾਹੀਂ ਆਪਣੇ ਵਿਚਾਰ ਪੇਸ਼ ਕਰਨ ਕਰਕੇ ਦਰਜ ਕੀਤਾ ਗਿਆ ਹੈ।

ਭਾਈ ਜਸਬੀਰ ਸਿੰਘ ਮਾਨ

ਖਬਰਾਂ ਮੁਤਾਬਿਕ ਭਾਈ ਜਸਬੀਰ ਸਿੰਘ ਦੀ ਇਹ ਵੀਡੀਓ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਦੇ ਵਿਰੋਧ ਵਿੱਚ ਹੈ। ਜਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪਟਿਆਲਾ ਸਬਜੀ ਮੰਡੀ ਘਟਨਾ ਦੇ ਮਾਮਲੇ ਵਿੱਚ ਪੁਲੀਸ ਪ੍ਰਸ਼ਾਸਨ ਦਾ ਪੱਖ ਪੂਰਿਆ ਸੀ।

ਗ੍ਰਿਫਤਾਰੀਆਂ ਬਿਰਤਾਂਤ ਨੂੰ ਕਾਬੂ ਕਰਨ ਦੀ ਨੀਤੀ ਦਾ ਹਿੱਸਾ:

ਪੰਜਾਬ ਪੁਲੀਸ ਵੱਲੋਂ ਬਿਜਲ ਸੱਥ ਉੱਤੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲਿਆਂ ਦੀਆਂ ਧੜਾਧੜ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਨੂੰ ਕਿਸੇ ਇੱਕ ਖਾਸ ਘਟਨਾ ਦਾ ਪ੍ਰਤੀਕਰਮ ਮੰਨਣਾ ਵਾਜਿਬ ਨਹੀਂ ਹੋਵੇਗਾ। 

ਪੰਜਾਬ ਦਾ ਮੁੱਖ-ਧਾਰੀ ਕਹਿਆ ਜਾਣ ਵਾਲਾ ਲੱਗਭੱਗ ਸਮੁੱਚਾ ਖਬਰਖਾਨਾ (ਮੇਨਸਟਰੀਮ ਮੀਡੀਆ) ਘਟਨਾਵਾਂ ਦੀ ਖਬਰ-ਤਰਾਸ਼ੀ ਅਤੇ ਪੇਸ਼ਕਾਰੀ ਨੂੰ ਸਰਕਾਰੀ ਪੱਖ ਤੋਂ ਹੀ ਕਰਨ ਵੱਲ ਵੱਧ ਰੁਚਿਤ ਰਹਿੰਦਾ ਹੈ। ਅਜਿਹੇ ਵਿੱਚ ਬਿਜਲ ਸੱਥ ਹੀ ਅਜਿਹਾ ਮੰਚ ਬਣ ਕੇ ਉੱਭਰੀ ਹੈ ਜਿੱਥੇ ਸਰਕਾਰੀ ਬਿਰਤਾਂਤ ਦੇ ਮੁਕਾਬਲੇ ਲੋਕਾਂ ਦਾ ਬਿਰਤਾਂਤ ਖੜ੍ਹਾ ਕਰਨ ਦੀ ਥਾਂ ਮਿਲਦੀ ਹੈ।

ਪੰਜਾਬ ਪੁਲਿਸ ਪਹਿਲਾਂ ਹੀ ਬਿਜਲ ਸੱਥ ਦੀ ਬਦਲਵਾਂ ਬਿਰਤਾਂਤ ਸਿਰਜਣ ਦੀ ਤਾਕਤ ਬਾਰੇ ਚਿੰਤਤ ਹੈ ਅਤੇ ਇਸ ਚਿੰਤਾ ਦਾ ਪ੍ਰਗਟਾਵਾ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਵੱਲੋਂ ਹਾਲ ਵਿਚ ਹੀ ਜਾਰੀ ਕੀਤੇ ਗਏ ਇੱਕ ਬਿਆਨ ਰਾਹੀਂ ਹੋਇਆ ਸੀ ਜਿਸ ਵਿੱਚ ਪੁਲਿਸ ਮੁਖੀ ਨੇ ਬਿਜਲ ਸੱਥ (ਸੋਸ਼ਲ ਮੀਡੀਆ) ਨੂੰ ਇੱਕ ਵੱਡੀ ਚੁਣੌਤੀ ਕਰਾਰ ਦਿੱਤਾ ਸੀ (ਸਿੱਖ ਸਿਆਸਤ ਵੱਲੋਂ ਇਸ ਬਿਆਨ ਦੀ ਕੀਤੀ ਗਈ ਸੰਖੇਪ ਪੜਚੋਲ ਪੜ੍ਹੋ)।

ਉਕਤ ਪੱਖ ਤੋਂ ਵੇਖਿਆਂ ਸਾਫ ਹੋ ਜਾਂਦਾ ਹੈ ਕਿ ਗ੍ਰਿਫਤਾਰੀਆਂ ਦਾ ਦੌਰ ਕਿਸੇ ਘਟਨਾ ਦਾ ਪ੍ਰਤੀਕਰਮ ਘੱਟ ਅਤੇ ਬਿਰਤਾਂਤ ਕਾਬੂ ਕਰਨ ਦੀ ਦਾ ਨਤੀਜਾ ਵੱਧ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: