ਚੰਡੀਗੜ੍ਹ: ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੋਬਾਈਲ ਆਧਾਰਿਤ ਐਪਸ ਰਾਹੀਂ ਚੋਣ ਪ੍ਰਕਿਰਿਆ ’ਤੇ ਨਿਗਰਾਨੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਐਂਡਰਾਇਡ ਐਪ ਤਿਆਰ ਕੀਤੇ ਗਏ ਹਨ। ਭਾਰਤੀ ਚੋਣ ਕਮਿਸ਼ਨ ਦੇ ਵਧੀਕ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਪ੍ਰਸ਼ਾਸਕੀ, ਪੁਲਿਸ ਤੇ ਆਈ.ਟੀ. ਮਾਹਿਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਐਪ ਮੁੱਖ ਤੌਰ ’ਤੇ ਨਿਗਰਾਨੀ ਕਰਨ ਸਮੇਤ ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਪੋਲ ਅਧਿਕਾਰੀਆਂ ਦੇ ਕੰਮ ਸੁਚਾਰੂ ਬਣਾਉਣ ਲਈ ਤਿਆਰ ਕੀਤੇ ਗਏ ਹਨ।

ਇਸ ਤੋਂ ਇਲਾਵਾ ਇਹ ਐਪ ਅਪਰਾਧਾਂ ਅਤੇ ਅਪਰਾਧੀਆਂ ਸਬੰਧੀ ਵੀ ਪੂਰੀ ਜਾਣਕਾਰੀ ਪਲਾਂ ਵਿੱਚ ਹੀ ਉਪਲੱਬਧ ਕਰਵਾਉਣਗੇ ਅਤੇ ਨਾਲ ਹੀ ਚੋਣਾਂ ਨਾਲ ਸਬੰਧਤ ਜਾਣਕਾਰੀ ਵੀ ਉੱਚ ਅਧਿਕਾਰੀਆਂ ਨੂੰ ਨਾਲ ਦੀ ਨਾਲ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ ਪ੍ਰਾਪਤ ਸ਼ਿਕਾਇਤਾਂ ਦਾ ਨਿਬੇੜਾ ਵੀ ਆਨਲਾਈਨ ਕੀਤਾ ਜਾਵੇਗਾ। ਚੋਣ ਪ੍ਰਕਿਰਿਆ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੋਣਾਂ ਦੌਰਾਨ ਵਰਤੀ ਜਾਣ ਵਾਲੀ ਇਸ ਨਵੀਂ ਤਕਨੀਕ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।
ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਚੋਣਾਂ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਇਨ੍ਹਾਂ ਐਪਸ ਦੀ ਕਾਰਗੁਜ਼ਾਰੀ ਸਬੰਧੀ ਪੇਸ਼ਕਾਰੀ ਵੀ ਦਿੱਤੀ ਗਈ ਤੇ ਇਸ ਤੋਂ ਬਾਅਦ ਸਕਸੈਨਾ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਪੰਜਾਬ ਪੁਲਿਸ ਨੇ ਇਨ੍ਹਾਂ ਐਪਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਬੇ ਦੇ ਸਾਰੇ ਥਾਣਿਆਂ, ਇਲਾਕਿਆਂ ਤੇ ਪੁਲਿਸ ਮੁਲਾਜ਼ਮਾਂ ਦੀ ਮੈਪਿੰਗ ਵੀ ਕਰ ਲਈ ਹੈ। ਸਕਸੈਨਾ ਨੇ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੁੰਦਿਆਂ ਹੀ ਇਨ੍ਹਾਂ ਐਪਸ ’ਤੇ ਸ਼ਰਾਬ, ਪੈਸੇ ਤੇ ਹੋਰ ਨਸ਼ੀਲੇ ਪਦਾਰਥ ਫੜੇ ਜਾਣ ਸਬੰਧੀ ਜਾਣਕਾਰੀ ਅਪਲੋਡ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਸ ਐਪ ਨੂੰ ਚੋਣ ਕਮਿਸ਼ਨਰ ਜਾਂ ਚੋਣ ਕਮਿਸ਼ਨ ਵੱਲੋਂ ਮਿੱਥੇ ਅਧਿਕਾਰੀ ਹੀ ਖੋਲ੍ਹ ਸਕਣਗੇ।
ਇਨ੍ਹਾਂ ਐਪਸ ਰਾਹੀਂ ਦਿੱਲੀ ਵਿੱਚ ਬੈਠੇ ਚੋਣ ਕਮਿਸ਼ਨਰ ਪੰਜਾਬ ਚੋਣਾਂ ਸਬੰਧੀ ਹਰ ਜਾਣਕਾਰੀ ਹਾਸਲ ਕਰ ਸਕਣਗੇ ਅਤੇ ਹੰਗਾਮੀ ਹਾਲਤ ਵਿੱਚ ਉਹ ਤੁਰੰਤ ਚੋਣ ਅਮਲ ਵਿੱਚ ਸ਼ਾਮਲ ਕਿਸੇ ਵੀ ਅਧਿਕਾਰੀ/ ਕਰਮਚਾਰੀ ਨਾਲ ਫੋਨ ਰਾਹੀਂ ਸੰਪਰਕ ਕਰ ਸਕਣਗੇ। ਇਸ ਮੌਕੇ ਮੁੱਖ ਚੋਣ ਅਫ਼ਸਰ ਪੰਜਾਬ ਵੀ. ਕੇ. ਸਿੰਘ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਭਰੋਸਾ ਦਿਵਾਇਆ ਕਿ ਚੋਣ ਅਮਲ ਵਿੱਚ ਸ਼ਾਮਲ ਸੂਬੇ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹਨ।