
ਬਠਿੰਡਾ (11 ਜਨਵਰੀ, 2016): ਸਿੱਖ ਸਟੇਜਾਂ ‘ਤੇ ਲੰਮਾ ਸਮਾਂ ਢਾਡੀ ਕਲਾ ਰਾਹੀਂ ਕੌਮ ਦੀ ਸੇਵਾ ਕਰਨ ਵਾਲੇ ਪ੍ਰਸਿੱਧ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਦੇਹਾਂਤ ਹੋ ਗਿਆ ਹੈ। ਸਿੱਖੀ ਦੇ ਪ੍ਰਚਾਰ ਤੇ ਪਸਾਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਢਾਡੀ ਅਲਬੇਲਾ ਨੇ ਅੱਜ ਪੀਜੀਆਈ ਵਿੱਚ ਕਰੀਬ ਨੌਂ ਵਜੇ ਆਖਰੀ ਸਾਹ ਲਿਆ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਰਾਜਗੜ੍ਹ ਦੇ ਵਸਨੀਕ ਅਲਬੇਲਾ ਕਰੀਬ ਤਿੰਨ ਮਹੀਨਿਆਂ ਤੋਂ ਬਿਮਾਰ ਚੱਲੇ ਆ ਰਹੇ ਸਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਮਾਲੀ ਤੰਗੀ ਤੁਰਸ਼ੀ ਨਾਲ ਘੁਲਣਾ ਪਿਆ। ਇੱਥੋਂ ਤੱਕ ਕਿ ਪਰਿਵਾਰ ਕੋਲ ੳੁਨ੍ਹਾਂ ਦੇ ਇਲਾਜ ਕਰਾਉਣ ਜੋਗੀ ਵੀ ਪਹੁੰਚ ਨਹੀਂ ਸੀ। ਉਹ ਕਰੀਬ 63 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਨੂੰ ਜਿਗਰ ਤੇ ਅੰਤਡ਼ੀਆਂ ਦੀ ਬਿਮਾਰੀ ਸੀ।
ਵੇਰਵਿਆਂ ਅਨੁਸਾਰ ਗੁਰਬਖਸ਼ ਸਿੰਘ ਅਲਬੇਲਾ ਨੇ ਸਿੱਖ ਜਗਤ ਦੀ ਝੋਲੀ ਕਰੀਬ 70 ਕੈਸੇਟਾਂ ਪਾਈਆਂ। ਉਹ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਸ੍ਰੀ ਅਲਬੇਲਾ ਦੇ ਖਾਸ ਦੋਸਤ ਦਲਜੀਤ ਸਿੰਘ ਦੁੱਲੇਵਾਲਾ ਨੇ ਦੱਸਿਆ ਕਿ 12 ਜਨਵਰੀ ਨੂੰ ਉਨ੍ਹਾਂ ਦਾ ਪਿੰਡ ਬੁਰਜ ਰਾਜਗੜ੍ਹ ਵਿੱਚ ਦੁਪਹਿਰੇ 12 ਵਜੇ ਸਸਕਾਰ ਕੀਤਾ ਜਾਵੇਗਾ। ਪਿੰਡ ਦੇ ਸਾਬਕਾ ਸਰਪੰਚ ਕਮਲਜੀਤ ਸਿੰਘ ਨੇ ਦੱਸਿਆ ਕਿ ਸਸਕਾਰ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਪਿੰਡ ਦੀ ਦਾਣਾ ਮੰਡੀ ਵਿੱਚ ਦਰਸ਼ਨ ਲਈ ਰੱਖੀ ਜਾਵੇਗੀ।