ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 2017 ’ਚ ਹੋਣ ਵਾਲੀਆਂ ਚੋਣਾਂ ਲਈ ਇਕ ਸੀਟ ਦੇ 15 ਤੋਂ 20 ਦਾਅਵੇਦਾਰਾਂ ਦੀ ਸਮੱਸਿਆ ਨਾਲ ਜੂਝ ਰਹੀ ਆਮ ਆਦਮੀ ਪਾਰਟੀ (ਆਪ) ਲਈ ਹੁਣ ਕੁੱਝ ਅਹਿਮ ਆਗੂਆਂ ਲਈ ਹਲਕਿਆਂ ਦੀ ਚੋਣ ਨਵੀਂ ਬਿਪਤਾ ਬਣ ਗਈ ਹੈ। ਪਾਰਟੀ ਵਾਲੰਟੀਅਰਾਂ ਨੇ ਸੂਬਾ ਪੱਧਰੀ ਤਿੰਨ ਆਗੂਆਂ ਐਡਵੋਕੇਟ ਐਚ ਐਸ ਫੂਲਕਾ (ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰਾਂ ਵਿੱਚੋਂ ਇਕ), ਹਿੰਮਤ ਸਿੰਘ ਸ਼ੇਰਗਿਲ (ਪਾਰਟੀ ਦੇ ਸੂਬਾਈ ਕਾਨੂੰਨੀ ਸੈੱਲ ਦੇ ਮੁਖੀ) ਅਤੇ ਹਰਜੋਤ ਸਿੰਘ (ਸੂਬਾਈ ਯੂਥ ਵਿੰਗ ਦੇ ਪ੍ਰਧਾਨ) ਨੂੰ ਤਿੰਨ ਤੋਂ ਪੰਜ ਹਲਕਿਆਂ ਤੋਂ ਚੋਣ ਲੜਾਉਣ ਦੀ ਸਿਫ਼ਾਰਸ਼ ਕੀਤੀ ਹੈ।
ਇਸ ਬਾਰੇ ਅੰਤਿਮ ਫ਼ੈਸਲਾ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਵੱਲੋਂ ਕੀਤਾ ਜਾਵੇਗਾ, ਜਿਸ ਦੇ ਮੁਖੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹਨ ਜਦੋਂ ਕਿ ਐਮਪੀ ਭਗਵੰਤ ਮਾਨ ਤੇ ਐਮਪੀ ਪ੍ਰੋ. ਸਾਧੂ ਸਿੰਘ ਇਸ ਦੇ ਮੈਂਬਰ ਹਨ। ਇਨ੍ਹਾਂ ਆਗੂਆਂ ਨੂੰ ਗ੍ਰਹਿ ਤੇ ਗੁਆਂਢੀ ਹਲਕਿਆਂ ਤੋਂ ਸੀਟਾਂ ਦੇਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਐਡਵੋਕੇਟ ਫੂਲਕਾ ਲੁਧਿਆਣਾ ਤੇ ਹਿੰਮਤ ਸਿੰਘ ਸ਼ੇਰਗਿਲ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਹਾਰ ਗਏ ਸਨ।

ਹਰੇਕ ਹਲਕੇ ਲਈ ਯੋਗ ਉਮੀਦਵਾਰ ਅਤੇ ‘ਅਹਿਮ ਆਗੂਆਂ’, ਜਿਨ੍ਹਾਂ ਦੀ ਜਿੱਤ ਸਾਰੀ ਯੋਜਨਾ ਰਾਸ ਲਿਆਉਣ ਲਈ ਅਹਿਮ ਹੈ, ਲਈ ਯੋਗ ਸੀਟ ਦੀ ਚੋਣ ਕਰਨ ਦੀ ਮੁਸ਼ਕਲ ਕਾਰਨ ਪਾਰਟੀ ਅੱਜ ਵੀ 117 ਸੀਟਾਂ ’ਚੋਂ 26 ਉਤੇ ਉਮੀਦਵਾਰ ਐਲਾਨਣ ਵਿੱਚ ਨਾਕਾਮ ਰਹੀ। ਇਸ ਸਾਲ ਮਾਰਚ ਤੋਂ ਹੁਣ ਤਕ ‘ਆਪ’ ਤਿੰਨ ਵਾਰ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਿੱਚ ਨਾਕਾਮ ਰਹੀ ਹੈ। ਪਾਰਟੀ ਵਾਲੰਟੀਅਰਾਂ ਅਤੇ ਪ੍ਰਚਾਰ ਕਮੇਟੀ ਵੱਲੋਂ 26 ਸੀਟਾਂ ਲਈ ਤਕਰੀਬਨ ਪੰਜ ਸੌ ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੇ ਜਾਣ ਬਾਅਦ ਸਕਰੀਨਿੰਗ ਕਮੇਟੀ ਨੇ ਅੱਜ ਇਨ੍ਹਾਂ ਵਿੱਚੋਂ 130 ਨਾਂ ਛਾਂਟ ਲਏ ਹਨ, ਜੋ ਹਰੇਕ ਹਲਕੇ ਵਿੱਚ ਪੰਜ ਤੋਂ ਸੱਤ ਬਣਦੇ ਹਨ।
ਸਕਰੀਨਿੰਗ ਕਮੇਟੀ ਦੀ ਬੈਠਕ ’ਚ ਕੌਮੀ ਤਰਜਮਾਨ ਸੰਜੈ ਸਿੰਘ, ਐਮਪੀ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਸੁੱਚਾ ਸਿੰਘ ਛੋਟੇਪੁਰ ਤੇ ਦੁਰਗੇਸ਼ ਪਾਠਕ ਸ਼ਾਮਲ ਹੋਏ। ਉਮੀਦਵਾਰਾਂ ਦੇ ਨਾਵਾਂ ਨੂੰ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਹਰੀ ਝੰਡੀ ਦੇਣੀ ਹੈ ਪਰ ਇਸ ਦੀ ਬੈਠਕ ਨਹੀਂ ਹੋ ਸਕੀ। ‘ਆਪ’ ਦੇ ਤਰਜਮਾਨ ਮੁਤਾਬਕ, ‘ਪੀਏਸੀ ਤੋਂ ਹਰੀ ਝੰਡੀ ਬਾਅਦ ਪਾਰਟੀ ਵੱਲੋਂ ਜਲਦੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾਵੇਗੀ।’ ਪਰ ਉਨ੍ਹਾਂ ਨੇ ਸੂਚੀ ਜਾਰੀ ਕਰਨ ਬਾਰੇ ਕੋਈ ਪੱਕੀ ਤਾਰੀਖ ਨਹੀਂ ਦੱਸੀ।