ਨਾਭਾ: ਨਾਭਾ ਦੀ ਉੱਚ ਸੁਰੱਖਿਆ ਜੇਲ੍ਹ ਵਿੱਚੋਂ ਪੁਲਿਸ ਦੀ ਵਰਦੀ ਵਿੱਚ ਆਏ ਹਮਲਾਵਰਾਂ ਵੱਲੋਂ ਛੁਡਾਏ ਗਏ ਦੋ ਖਾੜਕੂ ਤੇ ਚਾਰ ਗੈਂਗਸਟਰਾਂ ਦੀ ਕਾਰਵਾਈ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਪਲਵਿੰਦਰ ਸਿੰਘ ਪਿੰਦਾ, ਜਿਸ ਨੂੰ ਉਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਕੱਲ੍ਹ ਨਾਭਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਪਿੰਦਾ ਦਾ 11 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਹੈ।
ਸਬੰਧਤ ਖ਼ਬਰ:
ਨਾਭਾ ਜੇਲ੍ਹ ਦਾ ਸਹਾਇਕ ਸੁਪਰਡੈਂਟ ਅਤੇ ਨੇੜਲੇ ਸ਼ਗੁਨ ਸਵੀਟਸ ਦਾ ਮਾਲਕ ਤੇਜਿੰਦਰ ਹੈਪੀ ਗ੍ਰਿਫਤਾਰ …
ਇਸ ਸਬੰਧੀ ਪਟਿਆਲਾ ਦੇ ਪੁਲਿਸ ਕਪਤਾਨ ਵੱਲੋਂ ਕੱਲ੍ਹ ਦੇਰ ਸ਼ਾਮ ਜਾਰੀ ਬਿਆਨ ਵਿੱਚ ਦੱਸਿਆ ਕਿ ਨਾਭਾ ਜੇਲ੍ਹ ’ਚ ਵਾਪਰੀ ਘਟਨਾ ਤੋਂ ਇੱਕ ਦਿਨ ਪਹਿਲਾਂ ਸਾਰੇ ਹਮਲਾਵਰ (ਕੈਦੀਆਂ ਨੂੰ ਛੁਡਾਉਣ ਵਾਲੇ) ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਾਂਗੇਵਾਲ, ਜ਼ਿਲ੍ਹਾ ਮੋਗਾ ਦੇ ਘਰ ਠਹਿਰੇ ਸਨ। ਇੱਥੇ ਇਨ੍ਹਾਂ ਨੇ ਨਾਭਾ ਜੇਲ੍ਹ ਵਿੱਚ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਪਾਰਟੀ ਨੇ ਜ਼ਿਲ੍ਹਾ ਮੋਗਾ ਵਿੱਚ ਜਾਂਚ ਪੜਤਾਲ ਕੀਤੀ, ਜਿਸ ਦੇ ਨਤੀਜੇ ਵਜੋਂ ਗੁਰਪ੍ਰੀਤ ਸਿੰਘ ਨੂੰ ਪਾਤੜਾਂ ਪੁਲਿਸ ਸਟੇਸ਼ਨ ਦੇ ਖੇਤਰ ਵਿੱਚੋਂ ਗ੍ਰਿਫ਼ਤਾਰ ਕਰ ਲਿਆ, ਜੋ ਕਿ ਉਤਰ ਪ੍ਰਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਸਬੰਧਤ ਖ਼ਬਰ:
ਜੇਲ੍ਹ ਦੀ ਘਟਨਾ ਤੋਂ ਬਾਅਦ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਵਿਸ਼ੇਸ਼ ਇੰਟਰਵਿਊ …
ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਪੁਲਿਸ ਨੇ ਉਸ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 9 ਐਮਐਮ ਦਾ ਪਿਸਤੌਲ ਸਮੇਤ ਬਾਰੂਦ, ਇੱਕ ਹੋਰ ਹਥਿਆਰ ਸਮੇਤ ਬਾਰੂਦ ਇੱਕ ਸਵਿੱਫਟ ਡਿਜ਼ਾਇਰ ਕਾਰ ਬਰਾਮਦ ਕੀਤੀ। ਪੁਲਿਸ ਮੁਤਾਬਕ ਇਹ ਕਾਰ ਕੁਝ ਮਹੀਨੇ ਪਹਿਲਾਂ ਐਸਏਐਸ ਨਗਰ ਮੁਹਾਲੀ ਤੋਂ ਖੋਹੀ ਗਈ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗੁਰਪ੍ਰੀਤ ਸਿੰਘ ਨੇ ਨਾਭਾ ਜੇਲ੍ਹ ਤੋਂ ਭੱਜਣ ਵਾਲਿਆਂ ਨੂੰ ਨਕਸ਼ੇ, ਫੰਡ ਤੇ ਸੁਰੱਖਿਅਤ ਘਰ ਦਾ ਬੰਦੋਬਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਇਸ ਤੋਂ ਇਲਾਵਾ ਭੀਮ ਸਿੰਘ ਸਹਾਇਕ ਸੁਪਰਡੈਂਟ ਜੇਲ੍ਹ ਨਾਭਾ, ਜੇਲ੍ਹ ਵਾਰਡਨ ਜਗਮੀਤ ਸਿੰਘ ਅਤੇ ਸ਼ਗਨ ਸਵੀਟਸ ਦੁਕਾਨ ਦੇ ਮਾਲਕ ਦੇ ਪੁੱਤਰ ਤਜਿੰਦਰ ਸ਼ਰਮਾ ਉਰਫ ਹੈਪੀ ਨੂੰ ਗ੍ਰਿਫ਼ਤਾਰ ਕਰਕੇ 9 ਦਸੰਬਰ 2016 ਤੱਕ ਪੁਲਿਸ ਰਿਮਾਂਡ ‘ਤੇ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 6 ਵਿਅਕਤੀ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਸੱਤ ਹਥਿਆਰ ਸਮੇਤ ਬਾਰੂਦ ਬਰਾਮਦ ਕੀਤੇ ਹਨ। ਜੇਲ੍ਹ ‘ਤੇ ਹਮਲੇ ਲਈ ਵਰਤੀ ਫਾਰਚੂਨਰ, ਵਰਨਾ, ਆਈ-20, ਸਵਿੱਫਟ ਡਿਜ਼ਾਇਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਉਕਤ ਘਟਨਾ ਸਬੰਧੀ ਥਾਣਾ ਕੋਤਵਾਲੀ ਨਾਭਾ ਵਿੱਚ ਕੇਸ ਦਰਜ ਹਨ।
ਸਬੰਧਤ ਖ਼ਬਰ:
ਨਾਭਾ ਜੇਲ੍ਹ ਬ੍ਰੇਕ: ਹਰਮਿੰਦਰ ਸਿੰਘ ਮਿੰਟੂ 7 ਦਿਨ ਦੇ ਪੁਲਿਸ ਰਿਮਾਂਡ ‘ਤੇ …