ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਸਮੂਹ ਵਿਦਿਆਰਥੀਆਂ ਵੱਲੋਂ ਮਿਲ ਕੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ 4 ਨਵੰਬਰ, 2014 ਨੂੰ ਮੋਮਬੱਤੀ ਮਾਰਚ ਅਤੇ ਅਰਦਾਸ ਸਮਾਗਮ ਕੀਤਾ ਗਿਆ। ਮੋਮਬੱਤੀ ਮਾਰਚ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਮੋਮਬੱਤੀ ਮਾਰਚ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮਾਰਚ ਦੌਰਾਨ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਵੱਖ-ਵੱਖ ਨਾਅਰਿਆਂ ਵਾਲੀਆਂ ਤਖ਼ਤੀਆਂ ਅਤੇ ਮੋਮਬੱਤੀਆਂ ਫੜੀਆਂ ਹੋਈਆਂ ਸਨ। ਸਾਰੇ ਵਿਦਿਆਰਥੀ ਬਹੁਤ ਹੀ ਗੰਭੀਰ ਮਾਹੌਲ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਗੁਰਦੁਆਰਾ ਸਾਹਿਬ ਪਹੁੰਚੇ, ਜਿੱਥੇ ਗ੍ਰੰਥੀ ਸਿੰਘ ਵੱਲੋਂ ਨਵੰਬਰ 1984 ਵਿੱਚ ਕਤਲ ਹੋਏ ਬੇਦੋਸ਼ੇ ਸਿੱਖਾਂ ਦੀ ਆਤਮਿਕ ਸਾਂਤੀ, ਪੰਥ ਦੀ ਚੜ੍ਹਦੀ ਕਲਾ ਅਤੇ ਦੋਸ਼ੀਆ ਨੂੰ ਸਜਾ ਦਵਾਉਣ ਲਈ ਅਰਦਾਸ ਕੀਤੀ।

ਇਸ ਮੌਕੇ ਤੇ ਜਗਤਾਰ ਸਿੰਘ ਨੇ ਕਿਹਾ ਕਿ ਕੌਮ ਦੇ ਦੁਖਦਾਈ ਪਲ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ, ਸਾਨੂੰ ਇਨ੍ਹਾਂ ਦੁਖਦਾਈ ਪਲਾਂ ਤੋਂ ਰੋਸ਼ਨ ਭਵਿੱਖ ਲਈ ਸੇਧ ਲੈਣੀ ਚਾਹੀਦੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਦੰਗੇ ਨਹੀਂ ਸਨ ਬਲਕਿ ਘੜ-ਮਿੱਥ ਕੇ ਸਿੱਖਾਂ ਦੀ ਨਸਲਕੁਸ਼ੀ ਵਾਸਤੇ ਕੀਤੇ ਗਏ ਯਤਨ ਸਨ। ਇਸ ਦਾ ਜਿੰਮੇਵਾਰ ਪੂਰਾ ਭਾਰਤੀ ਢਾਂਚਾ ਹੈ ਕਿਉਂਕਿ ਜਿੱਥੇ ਸਰਕਾਰ ਨੇ ਇਨਸਾਫ਼ ਦਵਾਉਣ ਤੋਂ ਆਨਾਕਾਨੀ ਕੀਤੀ ਉਥੇ ਭਾਰਤੀ ਨਿਆਂ ਪ੍ਰਬੰਧ ਨੇ ਵੀ ਸਿੱਖਾਂ ਨੂੰ ਇਨਸਾਫ਼ ਦੇਣ ਲਈ ਕੁਝ ਵੀ ਨਾ ਕੀਤਾ ਅਤੇ ਨਾ ਹੀ ਮੀਡੀਆ ਨੇ ਆਪਣੀ ਬਣਦੀ ਭੂਮਿਕਾ ਨਿਭਾਈ, ਉਨ੍ਹਾਂ ਅੱਗੇ ਕਿਹਾ ਕਿ ਹਾਕਮ ਧਿਰ ਸਮੇਤ ਵਿਰੋਧੀ ਰਾਜਨੀਤਿਕ ਪਾਰਟੀਆਂ ਵੀ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਗੰਭੀਰ ਨਹੀਂ ਸਨ।

ਉਨ੍ਹਾਂ ਕਿਹਾ ਕਿ ਸਰਕਾਰ ਜੇਕਰ ਸੱਚਮੁੱਚ ਗੰਭੀਰ ਹੈ ਤਾਂ ਉਹ ਮੁਆਵਜੇ ਦੇ ਰੂਪ ਵਿੱਚ ਭੀਖ ਨਾ ਦੇਵੇ ਸਗੋਂ ਇਨਸਾਫ਼ ਕਰੇ। ਅੰਤ ਵਿੱਚ ਰਣਜੀਤ ਸਿੰਘ ਨੇ ਮਾਰਚ ਵਿੱਚ ਪਹੁੰਚੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਨੂੰ ਉਸ ਵੇਲੇ ਦੀ ਹਾਕਮ ਸਰਕਾਰ ਵੱਲੋਂ ਦਿੱਤੇ ਇਨ੍ਹਾਂ ਜਖ਼ਮਾਂ ਨੂੰ ਸੂਰਜ ਬਣਨ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਰੋਸ਼ਨ ਭਵਿੱਖ ਦੀ ਸੇਧ ਲੈ ਸਕੀਏ। ਸਾਡਾ ਵਿਦਿਆਰਥੀ ਹੋਣ ਦੇ ਨਾਂ ਤੇ ਫਰਜ਼ ਬਣਦਾ ਹੈ ਸਾਨੂੰ ਸਾਡੇ ਇਤਿਹਾਸ ਨੂੰ ਯਾਦ ਰੱਖਣਾ ਅਤੇ ਉਸ ਤੋਂ ਸਿੱਖਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਦਵਿੰਦਰ ਸਿੰਘ, ਜਗਤਾਰ ਸਿੰਘ, ਸੰਦੀਪ ਸਿੰਘ, ਜਗਜੀਤ ਸਿੰਘ, ਗੁਰਸ਼ਰਨ ਸਿੰਘ, ਹਰਸਿਮਰਨ ਸਿੰਘ, ਰਛਪਾਲ ਸਿੰਘ, ਅਮਨਦੀਪ ਸਿੰਘ, ਪੁਸ਼ਪਿੰਦਰ ਸਿੰਘ, ਲਖਵੀਰ ਸਿੰਘ, ਹਰਜਿੰਦਰਜੀਤ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਿਰ ਹਨ।
