ਜਲੰਧਰ (13 ਜਨਵਰੀ, 2015): ਸਿੱਖ ਜੱਥੇਬੰਦੀ ਦਲ ਖਾਲਸਾ ਪਾਰਟੀ ਦੇ ਸੀਨੀਅਰ ਆਗੂਆਂ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਕਰਦਿਆਂ ਭਾਰਤੀ ਗਣਤੰਤਰ ਦਿਵਸ ਨੂੰ ਵਿਸਾਹਘਾਤ ਦਿਵਸ ਵਜੋਂ ਮਨਾਉਣ ਦਾ ਫੈਸਲਾ ਕਰਦਿਆਂ 26 ਜਨਵਰੀ ਵਾਲੇ ਦਿਨ ਪੰਜਾਬ ਦੇ ਚਾਰ ਪ੍ਰਮੁੱਖ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ 64 ਸਾਲਾਂ ਦੇ ਸੰਵਿਧਾਨਕ ਗ਼ੁਲਾਮੀ ਅਤੇ ਧੱਕੇਸ਼ਾਹੀਆਂ, ਸੰਵਿਧਾਨ ਨੂੰ ਛਿੱਕੇ-ਟੰਗ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ, ਸੰਵਿਧਾਨ ਦੀ ਧਾਰਾ 25 (ਬੀ) (2), ਹਿੰਦੂ ਕਾਨੂੰਨਾਂ ਨੂੰ ਸਿੱਖਾਂ ਉਤੇ ਥੋਪਣ, ਸਿੱਖ ਰਾਜਨੀਤਕ ਨਜ਼ਰਬੰਦਾਂ ਪ੍ਰਤੀ ਭਾਰਤੀ ਕਾਨੂੰਨ ਦੇ ਦੋਹਰੇ ਮਾਪਦੰਡ ਅਤੇ ਸੰਵਿਧਾਨ ਵਲੋਂ ਮਿਲੇ ਹੱਕਾਂ ਦੇ ਬੁਰਕੇ ਹੇਠ ਪਨਪ ਰਹੇ ਦੇਹਧਾਰੀ ਦੰਭ ਵਿਰੁੱਧ 26 ਜਨਵਰੀ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਗਾ ਵਿਖੇ ਇਕੋ-ਦਿਨ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਸਬੰਧਤ ਕਾਰਜਕਰਤਾ ਕਾਲੇ ਝੰਡੇ ਲੈ ਕੇ ਉਸ ਦਿਨ ਸ਼ਾਂਤਮਈ ਅਤੇ ਜ਼ਾਬਤੇ ਵਿਚ ਰਹਿੰਦਿਆਂ ਆਪਣਾ ਰੋਸ ਜਿਤਾਉਣਗੇ।ਉਨ੍ਹਾਂ ਹਮ-ਖਿਆਲੀ ਜਥੇਬੰਦੀਆਂ ਖਾਸ ਕਰਕੇ ਅਕਾਲੀ ਦਲ ਪੰਚ ਪ੍ਰਧਾਨੀ ਨੂੰ ਵੀ ਇਨ੍ਹਾਂ ਰੋਸ ਮੁਜ਼ਾਹਰਿਆਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਸਮੂਹ ਸਿੱਖਾਂ ਨੂੰ 26 ਜਨਵਰੀ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਿੱਖ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਦੂਰ ਰਹਿਣ।
ਕੰਵਰਪਾਲ ਸਿੰਘ ਨੇ ਰੋਸ ਜਤਾਉਦਿਆਂ ਕਿਹਾ ਕਿ ਸੰਵਿਧਾਨ ਦੀ ਧਾਰਾ 25 (ਬੀ) (2) ਵਿਚ ਸਿੱਖਾਂ ਨੂੰ ਹਿੰਦੂ ਦੱਸਿਆ ਗਿਆ ਹੈ ਜਿਸ ਕਾਰਨ ਸਿੱਖਾਂ ਨੂੰ ਵਿਆਹ-ਸ਼ਾਦੀ, ਜੰਮਣ-ਮਰਨ, ਬੱਚਿਆਂ ਨੂੰ ਗੋਦ ਲੈਣ ਆਦਿ ਸਾਰੇ ਕਾਰ-ਵਿਹਾਰ ਹਿੰਦੂ ਕਾਨੂੰਨ ਅਨੁਸਾਰ ਕਰਨੇ ਪੈਂਦੇ ਹਨ ਜੋ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਨਿਰਮਲ ਪੰਥ ਦੀ ਅੱਡਰੀ ਹੋਂਦ ਦੀ ਤੌਹੀਨ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਕਾਰਵਾਈ ਸਿੱਖ ਪੰਥ ਲਈ ਕਾਬਲੇ-ਬਰਦਾਸ਼ਤ ਨਹੀਂ।
ਉਨ੍ਹਾਂ ਦੱਸਿਆ ਕਿ ਅਜਿਹਾ ਇਸ ਕਰਕੇ ਹੁੰਦਾ ਆ ਰਿਹਾ ਹੈ ਕਿਉਂਕਿ ਜਥੇਦਾਰ ਸਾਹਿਬਾਨ ਦੇ ਅਹੁਦੇ ਲਈ ਕੋਈ ਸੇਵਾ-ਨਿਯਮ ਨਿਸਚਿਤ ਨਹੀਂ ਹਨ।ਉਨ੍ਹਾਂ ਜਥੇਦਾਰ ਦੀ ਪਦਵੀ ਲਈ ਸੇਵਾ-ਨਿਯਮ ਜਿਵੇਂ ਕਿ ਨਿਯੁਕਤੀ, ਸੇਵਾ-ਮੁਕਤੀ, ਅਧਿਕਾਰ ਆਦਿ ਘੜਨ ਉਤੇ ਜ਼ੋਰ ਦਿੱਤਾ।
ਮੀਟਿੰਗ ਵਿਚ ਡਾ. ਮਨਜਿੰਦਰ ਸਿੰਘ ਜੰਡੀ, ਰਣਬੀਰ ਸਿੰਘ, ਗੁਰਦੀਪ ਸਿੰਘ ਕਾਲਕਟ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ,ਨੋਬਲਜੀਤ ਸਿੰਘ,ਹਰਮਿੰਦਰ ਸਿੰਘ ਹਰਮੋਏ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਜੋਤ ਸਿੰਘ, ਮਨਜੀਤ ਸਿੰਘ ਕਰਤਾਰਪੁਰ, ਪਰਮਜੀਤ ਸਿੰਘ ਮੰਡ, ਸਤਬੀਰ ਸਿੰਘ, ਕਮਲਜੀਤ ਸਿੰਘ ਆਦਿ ਸ਼ਾਮਿਲ ਸਨ।