ਚੰਡੀਗੜ੍ਹ (13 ਜਨਵਰੀ, 2015): ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋ ਸਾਬਕਾ ਡੇਰਾ ਪ੍ਰੇਮੀ ਹੰਸ ਰਾਜ ਚੌਹਾਨ ਦੀ ਅਰਜ਼ੀ ;ਤੇ ਡੇਰਾ ਸਿਰਸਾ ਦੇ ਸੌਦਾ ਸਾਧ ਖਿਲਾਫ ਸਾਧੂਆਂ ਨੂੰ ਜਬਰੀ ਨਿਪੰਸਕ ਬਣਾਉਣ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਦਿੱਤੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ ਡੇਰਾ ਸਿਰਸਾ ਮੁਖੀ, ਡਾਕਟਰਾਂ ਅਤੇ ਕੁਝ ਹੋਰਨਾਂ ਖਿਲਾਫ ਲੱਗੇ ਸੈਂਕੜੇ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ਾਂ ਦੀ ਜਾਂਚ ਵਿਚ ਤੇਜ਼ੀ ਲਿਆਂਦੀ ਗਈ ਹੈ, ਜਿਸ ਤਹਿਤ ਜਾਂਚ ਏਜੰਸੀ ਨੇ ਰੈਗੂਲਰ ਕੇਸ (ਆਰ.ਸੀ.) ਦਰਜ ਕਰਨ ਤੋਂ ਫ਼ੌਰੀ ਬਾਅਦ ਸਬੰਧਿਤ ਧਿਰਾਂ ਦੇ ਬਿਆਨ ਕਲਮਬੱਧ ਕਰਨੇ ਸ਼ੁਰੂ ਕਰ ਦਿੱਤੇ ਹਨ ।

ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀ.ਬੀ.ਆਈ. ਜਲਦ ਹੀ ਡੇਰਾ ਮੁਖੀ ਕੋਲੋਂ ਵੀ ਪੁੱਛਗਿੱਛ ਕਰਨ ਜਾ ਰਹੀ ਹੈ ।ਅਹਿਮ ਗੱਲ ਇਹ ਹੈ ਕਿ ਜਾਂਚ ਏਜੰਸੀ ਡੇਰਾ ਮੁਖੀ ਕੋਲੋਂ ਪੁੱਛਗਿੱਛ ਲਈ ਸਿਰਸਾ ਖ਼ਾਸਕਰ ਡੇਰਾ ਸੱਚਾ ਸੌਦਾ ਵਿਚ ਜਾਣ ਨੂੰ ਤਰਜੀਹ ਨਹੀਂ ਦੇ ਰਹੀ। ਕੇਸ ਦੀ ਜਾਂਚ ਸੀ.ਬੀ.ਆਈ. ਦਿੱਲੀ ਹੈੱਡਕੁਆਰਟਰ ਦਾ ਸਪੈਸ਼ਲ ਇਨਵੈਸਟੀਗੇਸ਼ਨ ਸੈੱਲ-2 ਕਰ ਰਿਹਾ ਹੈ। ਸੂਚਨਾ ਹੈ ਕਿ ਸੀ. ਬੀ. ਆਈ. ਡੇਰਾ ਮੁਖੀ ਨੂੰ ਦਿੱਲੀ ਵਿਖੇ ਹੀ ਪੁੱਛਗਿੱਛ ਲਈ ਸੱਦਣ ਦੀ ਚਾਹਵਾਨ ਹੈ ।
ਜਾਂਚ ਏਜੰਸੀ ਨੇ ਇਸ ਮਾਮਲੇ ਦੀ ਸਭ ਤੋਂ ਅਹਿਮ ਕੜੀ ਅਤੇ ਹਾਈਕੋਰਟ ਵਿਚ ਸ਼ਿਕਾਇਤਕਰਤਾ ਹੰਸ ਰਾਜ ਚੌਹਾਨ (ਸਿਰਸਾ ਦੀ ਡੇਰੇ ਦੇ ਕਿਸੇ ਸਮੇਂ ਪੈਰੋਕਾਰ ਰਹਿ ਚੁੱਕੇ) ਕੋਲੋਂ 9 ਜਨਵਰੀ ਨੂੰ ਘੰਟਿਆਂਬੱਧੀ ਪੁੱਛਗਿੱਛ ਕੀਤੀ ਹੈ।
ਜਾਣਕਾਰੀ ਮੁਤਾਬਿਕ ਚੌਹਾਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਇਰ ਪਟੀਸ਼ਨ ਦੇ ਵੇਰਵੇ ਜਾਂਚ ਟੀਮ ਅੱਗੇ ਰੱਖੇ ਗਏ ਅਤੇ ਡੇਰੇ ਅੰਦਰਲੀਆਂ ਕਈ ਅਹਿਮ ਗਤੀਵਿਧੀਆਂ ਦਾ ‘ਰਾਜਦਾਰ’ ਹੋਣ ਦਾ ਦਾਅਵਾ ਵੀ ਦੁਹਰਾਇਆ ਗਿਆ।ਇਸੇ ਦੌਰਾਨ ਸੀ.ਬੀ.ਆਈ. ਦੀ ਚਾਰ ਮੈਂਬਰੀ ਜਾਂਚ ਟੀਮ ਵੱਲੋਂ ਵੀ ਡੇਰਾ ਸਿਰਸਾ ਦਾ ਦੌਰਾ ਕੀਤਾ ਜਾ ਚੁੱਕਾ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਵਿਸ਼ੇਸ਼ ਜਾਂਚ ਟੀਮ ਹੰਸ ਰਾਜ ਚੌਹਾਨ ਨੂੰ ਪੁੱਛਗਿੱਛ ਲਈ ਸੱਦਣ ਤੋਂ ਇੱਕ ਦਿਨ ਪਹਿਲਾਂ ਚੁੱਪ-ਚੁਪੀਤੇ ਡੇਰਾ ਸਿਰਸਾ ਪੁੱਜੀ ਸੀ । ਸੀ. ਬੀ. ਆਈ ਦੇ ਅਧਿਕਾਰੀਆਂ ਦਾ ਇਹ ਦੌਰਾ ਇਸ ਪੱਖੋਂ ਵੀ ਖ਼ਾਸ ਕਿਹਾ ਜਾ ਸਕਦਾ ਹੈ ਕਿ ਟੀਮ ਦਿੱਲੀ ਤੋਂ ਤਾਂ ਸਰਕਾਰੀ ਗੱਡੀਆਂ ‘ਚ ਆਈ ਪਰ ਸਿਰਸਾ ਪਹੁੰਚਣ ‘ਤੇ ਗੱਡੀਆਂ ਸ਼ਹਿਰ ‘ਚ ਖੜੀਆਂ ਕਰ ਡੇਰੇ ਵਿਚ ਜਾਣ ਲਈ ਸਥਾਨਕ ਪ੍ਰਾਈਵੇਟ ਵਾਹਨਾਂ ਦੀ ਵਰਤੋਂ ਕੀਤੀ ਗਈ ।
ਜਾਂਚ ਟੀਮ ਵੱਲੋਂ ਡੇਰੇ ਅੰਦਰ ਸਥਿਤ ਮਾਰਕੀਟ, ਹਸਪਤਾਲ (ਜਿੱਥੇ ਨਪੁੰਸਕਤਾ ਦੀ ਕਾਰਵਾਈ ਕੀਤੀ ਦੇ ਦੋਸ਼ ਲਗਾਏ ਗਏ ਹਨ) ਅਤੇ ਕਈ ਹੋਰ ਅੰਦਰੂਨੀ ਅਦਾਰਿਆਂ ਦਾ ਦੌਰਾ ਕਰਨ ਦੀ ਵੀ ਸੂਚਨਾ ਮਿਲੀ ਹੈ।
ਦੱਸਣਯੋਗ ਹੈ ਕਿ ਡੇਰਾ ਮੁਖੀ ਅਤੇ ਹੋਰਨਾਂ ਿਖ਼ਲਾਫ਼ ਡੇਰੇ ਅੰਦਰ ਸਾਲ 2000 ਦੌਰਾਨ 400 ਦੇ ਕਰੀਬ ਮਰਦ ਸ਼ਰਧਾਲੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ ਲੱਗੇ ਹੋਏ ਹਨ, ਜਿਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਏਜੰਸੀ ਨੂੰ ਜਾਂਚ ਸੌਾਪੇ ਜਾਣ ਉੱਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼ ਰਚਨਾ), 417 (ਧੋਖਾਧੜੀ), 326 (ਕਿਸੇ ਨੂੰ ਸਰੀਰਕ ਤੌਰ ਉੱਤੇ ਗੰਭੀਰ ਸੱਟ ਮਾਰਨਾ) ਅਤੇ 506 (ਅਪਰਾਧਿਕ ਮਨਸ਼ਾ ਨਾਲ ਕਿਸੇ ਨੂੰ ਡਰਾਉਣਾ-ਧਮਕਾਉਣਾ) ਤਹਿਤ ਰੈਗੂਲਰ ਕੇਸ ਦਰਜ ਕੀਤਾ ਗਿਆ ਹੈ।