ਜਲੰਧਰ ( 4ਅਗੱਸਤ 2014): ਪੰਜਾਬ ਪੁਲਿਸ ਨੇ ਪਾਕਿਸਤਾਨ ਤੋਂ ਕੰਮ ਕਰ ਰਹੀਆਂ ਦੋ ਖਾੜਕੂ ਜੱਥੇਬੰਦੀਆਂ ਖਾਲਿਸਤਾਨ ਜਿੰਦਾਬਾਦ ਫੋਰਸ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਹਿੰਸਕ ਵਾਰਦਾਤਾਂ ਕਰਨ ਅਤੇ ਕਥਿਤ “ਅੱਤਵਾਦੀ” ਕਾਰਵਾਈਆਂ ਦੀ ਸਾਜਿਸ਼ ਦਾ ਪਰਦਾਫਾਸ਼ ਕਰਦਿਆਂ ਜੰਮੂ ਤੋਂ ਤਿੰਨ ਵਿਅਕਤੀਆਂ ਗ੍ਰਿਫਤਾਰ ਕਰਨ ਦਾ ਦਆਵਾ ਕੀਤਾ ਹੈ।
ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਖਾੜਕੂਆਂ ਦੇ ਨਾਮ ਹਰਪ੍ਰੀਤ ਸਿੰਘ ਉਰਫ਼ ਹਰਮੀਤ ਸਿੰਘ ਉਰਫ਼ ਪਿੰਟੂ ਪੁੱਤਰ ਅਮਰ ਸਿੰਘ ਵਾਸੀ ਵਾਰਡ ਨੰਬਰ ਇਕ, ਸਿੰਬਲ ਕੈਂਪ ਜੰਮੂ, ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਈਸ਼ਰ ਸਿੰਘ ਵਾਸੀ ਬਸਤੀ ਗੋਬਿੰਦਪੁਰੀ ਸਿੰਬਲ ਮੋੜ, ਜੰਮੂ ਅਤੇ ਸਰਵਣ ਸਿੰਘ ਉਰਫ਼ ਸ਼ੱਬਾ ਪੁੱਤਰ ਜੀਤ ਸਿੰਘ ਵਾਸੀ ਨਾੜੀ, ਪੁਲਿਸ ਥਾਣਾ ਮੀਰਾ ਸਾਹਿਬ ਜੰਮੂ ਹਨ ਅਤੇ ਉਨ੍ਹਾਂ ਨੂੰ ਅੱਜ ਜੰਮੂ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਦਾਅਵੇ ਅਨੁਸਾਰ ਇਹ ਖਾੜਕੂ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਰਣਜੀਤ ਸਿੰਘ ਨੀਟਾ ਅਤੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਹਰਮਿੰਦਰ ਸਿੰਘ ਮਿੰਟੂ ਨਾਲ ਸਬੰਧਤ ਸਨ ਅਤੇ ਇਹਨਾਂ ਨੂੰ ਫੰਡ ਦੇਣ ਅਤੇ ਹੋਰ ਤਾਲਮੇਲ ਦਾ ਕੰਮ ਸਪੇਨ ਤੇ ਇੰਗਲੈਂਡ ਤੋਂ ਕੀਤਾ ਜਾ ਰਿਹਾ ਸੀ।
ਪੁਲਿਸ ਦੇ ਦਾਅਵੇ ਮੁਤਾਬਿਕ ਮੁਤਾਬਿਕ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਿੰਟੂ ਨੇ ਪਾਕਿਸਤਾਨ ਵਿਚ 1997 ਵਿਚ ਸਿਖਲਾਈ ਲਈ ਸੀ ਅਤੇ ਉਸ ਦੇ ਹਰਮਿੰਦਰ ਸਿੰਘ ਉਰਫ਼ ਮਿੰਟੂ ਨਾਲ ਨੇੜਲੇ ਸਬੰਧ ਸਨ। ਪਰਮਜੀਤ ਸਿੰਘ ਉਰਫ਼ ਪੰਮਾ ਜਨਵਰੀ- ਫ਼ਰਵਰੀ 2014 ਵਿਚ 90 ਦਿਨਾ ਦੇ ਵੀਜ਼ੇ ‘ਤੇ ਥਾਈਲੈਂਡ ਗਿਆ ਸੀ ਅਤੇ ਉਸ ਉਪ੍ਰੰਤ ਜੰਮੂ ਪਰਤਿਆ ਸੀ ਤੇ ਉਹ ਜੰਮੂ ਦੇ ਸਤਵਾਰੀ ਚੌਂਕ ਵਿਖੇ ਇਕ ਟਰੈਵਲ ਏਜੰਸੀ ਚਲਾਉਂਦਾ ਸੀ।
ਪੁਲਿਸ ਅਨੁਸਾਰ ਪੰਮਾ ਫ਼ਰਜ਼ੀ ਦਸਤਾਵੇਜ਼ਾਂ ‘ਤੇ ਥਾਈਲੈਂਡ ਤੋਂ ਪਾਕਿਸਤਾਨ ਹਥਿਆਰਾਂ ਦੀ ਸਿਖਲਾਈ ਲਈ ਗਿਆ ਸੀ। ਉਨ੍ਹਾਂ ਅੱਗੇ ਦਸਿਆ ਕਿ ਮੁਢਲੀ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਖਾੜਕੂਆਂ ਨੂੰ ਸਪੇਨ ਅਤੇ ਇੰਗਲੈਂਡ ਸਥਿਤ ਉਹਨਾਂ ਦੇ ਸਹਿਯੋਗੀਆਂ ਵਲੋਂ ਮਨੀਗ੍ਰਾਮ ਅਤੇ ਹਵਾਲਾ ਜ਼ਰੀਏ ਪੈਸੇ ਭੇਜੇ ਜਾਂਦੇ ਸਨ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਢਿੱਲੋਂ, ਆਈ.ਜੀ. ਜ਼ੋਨ 2 ਜਲੰਧਰ ਨੇ ਦਸਿਆ ਕਿ ਗੁਪਤ ਸੂਚਨਾਵਾਂ ‘ਤੇ ਆਧਾਰਤ ਇਹ ਆਪਰੇਸ਼ਨ, ਪੰਜਾਬ ਪੁਲਿਸ ਵਲੋਂ ਅਰੰਭਿਆ ਗਿਆ ਸੀ ਤੇ ਸ੍ਰੀ ਨਰਿੰਦਰ ਭਾਰਗਵ ਐਸ.ਐਸ.ਪੀ. ਜਲੰਧਰ ਦਿਹਾਤੀ ਇਸ ਆਪਰੇਸ਼ਨ ਦੀ ਨਿਗਰਾਨੀ ਲਈ 2 ਦਿਨਾਂ ਤੋਂ ਜੰਮੂ ਵਿਚ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਨਲਾਅਫੁੱਲ ਐਕਟੀਵੀਟੀਜ਼ (ਪ੍ਰੀਵੈਨਸ਼ਨ ) ਐਕਟ 1967 ਦੀਆਂ ਧਾਰਾਵਾਂ 17, 18 ਤੇ 20, ਆਈ.ਪੀ.ਸੀ. ਦੀਆਂ ਧਾਰਾਵਾਂ 153 ਏ, 121, 120ਬੀ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25,54,59 ਤਹਿਤ ਪੁਲਿਸ ਥਾਣਾ ਭੋਗਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਖਾੜਕੂਆਂ ਨੂੰ ਜਲੰਧਰ ਲਿਆਂਦਾ ਜਾ ਰਿਹਾ ਹੈ ਜਿੱਥੇ ਉਹਨਾਂ ਦੀ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾਵੇਗਾ ।