ਖੰਨਾ: 4 ਨਵੰਬਰ, 2017 ਤੋਂ ਪੰਜਾਬ ਪੁਲਿਸ ਦੀ ਹਿਰਾਸਤ ‘ਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਅੱਜ (17 ਦਸੰਬਰ, 2017) ਸ਼ਿਵ ਸੈਨਾ ਆਗੂ ਦੁਰਗਾ ਪ੍ਰਸਾਦ ਦੇ ਕਤਲ ਦੇ ਮੁਕੱਦਮੇ ‘ਚ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ। ਜਿਥੇ ਕਿ ਐਨ.ਆਈ.ਏ. ਦੀ ਟੀਮ ਪਹਿਲਾਂ ਤੋਂ ਮੌਜੂਦ ਸੀ, ਜਿਸਨੇ ਜੱਜ ਨੂੰ ਦੱਸਿਆ ਕਿ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਸਣੇ 4 ਕੇਸ ਅਧਿਕਾਰਤ ਤੌਰ ‘ਤੇ ਐਨ.ਆਈ.ਏ. ਦੇ ਹਵਾਲੇ ਹੋ ਗਏ ਹਨ। ਐਨ.ਆਈ.ਏ. ਅਧਿਕਾਰੀ ਨੇ ਜੱਜ ਤੋਂ ਵੱਧ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਪਰ ਜੱਜ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ।

ਉਪਰੋਕਤ ਜਾਣਕਾਰੀ ਜਗਤਾਰ ਸਿੰਘ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਿੰਦਿਆਂ ਦੱਸਿਆ ਕਿ ਅਦਾਲਤ ਨੇ ਜੱਗੀ ਨਾਲ ਆਏ ਡੀ.ਐਸ.ਪੀ. ਨੂੰ ਵੀ ਇਸ ਗੱਲ ਲਈ ਤਾੜਨਾ ਕੀਤੀ ਕਿ ਜਗਤਾਰ ਸਿੰਘ ਜੌਹਲ ਨੂੰ ਉਸਦੇ ਵਕੀਲ ਨਾਲ ਕਿਉਂ ਨਹੀਂ ਮਿਲਵਾਇਆ ਗਿਆ।
ਅਦਾਲਤ ਦੇ ਕਹਿਣ ‘ਤੇ ਜਗਤਾਰ ਸਿੰਘ ਜੌਹਲ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲ ਨਾਲ ਅੱਜ ਅਦਾਲਤ ‘ਚ ਮੁਲਾਕਾਤ ਹੋ ਸਕੀ। ਇਸ ਦੌਰਾਨ ਪਰਿਵਾਰ ਨੇ ਜੱਗੀ ਨੂੰ ਸਰਦੀਆਂ ਲਈ ਗਰਮ ਕੱਪੜੇ ਵੀ ਦਿੱਤੇ।