ਨਵੀਂ ਦਿੱਲੀ, (11 ਮਈ 2014 ):- ਭਾਰਤੀ ਲੋਕ ਸਭਾ ਲਈ ਅੱਜ ਅੰਤਿਮ ਪੜਾਅ ਦੀਆਂ ਵੋਟਾਂ ਪੈਣ ਤੋਂ ਬਾਅਦ ਉਪਜਣ ਵਾਲੀ ਸਥਿਤੀ ‘ਤੇ ਵਿਚਾਰ ਕਰਨ ਲਈ ਅੱਜ ਭਾਜਪਾ ਪ੍ਰਧਾਨ
ਰਾਜਨਾਥ ਸਿੰਘ ਨੇ ਸੰਘ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ। ਇਹ ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੇ ਭਲਕੇ ਮੁਕੰਮਲ ਹੋਣ ਮਗਰੋਂ ਪਾਰਟੀ ਦੀ ਰਣਨੀਤੀ ਬਾਰੇ ਚਰਚਾ ਕਰਨ ਲਈ ਇਹ ਮੀਟਿੰਗ ਕੀਤੀ ਗਈ ਸੀ।
ਸੰਘ ਦੇ ਸੀਨੀਅਰ ਆਗੂ ਭਈਆ ਜੀ ਜੋਸ਼ੀ ਤੇ ਭਾਜਪਾ ਨਾਲ ਲੈਣ-ਦੇਣ ’ਚ ਮਾਹਰ ਸੰਘ ਦੇ ਆਗੂ ਸੁਰੇਸ਼ ਸੋਨੀ ਤੇ ਹੋਰਾਂ ਨੇ ਭਾਜਪਾ ਪ੍ਰਧਾਨ ਨਾਲ ਕੋਈ ਦੋ ਘੰਟੇ ਬੰਦ ਕਮਰਾ ਮੀਟਿੰਗ ਕੀਤੀ। ਇਹ ਮੀਟਿੰਗ ਸੰਘ ਦੇ ਝੰਡੇਵਾਲਾਂ ਸਥਿਤ ਦਫ਼ਤਰ ’ਚ ਹੋਈ। ਸੰਘ ਦੇ ਮੁਖੀ ਮੋਹਨ ਭਾਗਵਤ ਇਸ ਮੀਟਿੰਗ ’ਚ ਹਾਜ਼ਰ ਸਨ।
ਪੁੱਛੇ ਜਾਣ ’ਤੇ ਭਾਜਪਾ ਪ੍ਰਧਾਨ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਆਰਐਸਐਸ ਵਰਕਰਾਂ ਨੇ ਭਾਜਪਾ ਉਮੀਦਵਾਰਾਂ ਦੀ ਜਿੱਤ ਲਈ ਹੇਠਲੇ ਪੱਧਰ ’ਤੇ ਬਹੁਤ ਮਿਹਨਤ ਕੀਤੀ ਸੀ ਤੇ ਰਾਜਨਾਥ ਸਿੰਘ ਇਸ ਲਈ ਸੰਘ ਦਾ ਧੰਨਵਾਦ ਕਰਨ ਆਏ ਸਨ ਤੇ ਇਸ ਦੌਰਾਨ ਵਰਤਮਾਨ ਸਿਆਸੀ ਸਥਿਤੀ ’ਤੇ ਵੀ ਗੱਲਬਾਤ ਕਰ ਲਈ ਗਈ ਸੀ।
ਸੰਘ ਦੇ ਸੂਤਰਾਂ ਅਨੁਸਾਰ ਸੰਘ ਆਗੂਆਂ ਨੇ ਭਰੋਸਾ ਪ੍ਰਗਟਾਇਆ ਹੈ ਕਿ ਕੇਂਦਰ ’ਚ ਅਗਲੀ ਸਰਕਾਰ ਭਾਜਪਾ ਦੀ ਅਗਵਾਈ ਵਿੱਚ ਬਣੇਗੀ, ਪਰ ਨਾਲ ਹੀ ਉਨ੍ਹਾਂ ਨੇ ਪਾਰਟੀ ਨੂੰ ‘‘ਆਉਣ ਵਾਲੀ ਜ਼ਿੰਮੇਵਾਰੀ ਸੂਝ-ਬੂਝ ਨਾਲ ਨਿਭਾਉਣ’’ ਦੀ ਚੇਤਾਵਨੀ ਵੀ ਦਿੱਤੀ ਹੈ। ਸਮਝਿਆ ਜਾ ਰਿਹਾ ਹੈ ਕਿ ਸੰਘ ਆਗੂਆਂ ਨੇ ਭਾਜਪਾ ਦੀ ਚੋਣ ਮੁਹਿੰਮ ’ਤੇ ‘ਤਸੱਲੀ’ ਵੀ ਪ੍ਰਗਟਾਈ ਹੈ। ਇਸ ਮੀਟਿੰਗ ਵਿੱਚ ਸੰਘ ਦੇ ਜੁਆਇੰਟ ਸਕੱਤਰ ਦੱਤਾਤ੍ਰੇਆ ਹੋਸਾਬਾਲੇ ਤੇ ਕ੍ਰਿਸ਼ਨ ਗੋਪਾਲ ਵੀ ਹਾਜ਼ਰ ਸਨ।