ਅੰਮ੍ਰਿਤਸਰ (1 ਜੂਨ, 2015): ਸ਼੍ਰੀ ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਵੱਲੋਂ ਤਤਕਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਨਾਲ ਕੀਤੇ ਗਏ ਹਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਅਤੇ ਸਿੱਖ ਪ੍ਰੰਪਰਾ ‘ਤੇ ਪਹਿਰਾ ਦਿੰਦਿਆਂ ਸ਼ਹੀਦ ਹੋਏ ਸੰਤ ਜਰਨੈਲ਼ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਸ਼ਹਦਿੀ ਮਾਰਚ ਕੀਤਾ ਗਿਆ।

ਇਹ ਸ਼ਹੀਦੀ ਮਾਰਚ ਬਰਨਾਲਾ ਤੋਂ ਅਰੰਭ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁਜ ਕੇ ਸਮਾਪਤ ਹੋਇਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸ਼ਹੀਦੀ ਮਾਰਚ ਦੀ ਸਮਾਪਤੀ ਸਬੰਧੀ ਅਰਦਾਸ ਕੀਤੀ ਗਈ।
ਇਹ ਮਾਰਚ ਗੁਰਮਤਿ ਪ੍ਰਚਾਰ ਜੱਥਾ ਠੀਕਰੀਵਾਲਾ ਦੇ ਮੁਖੀ ਸੁਰਿੰਦਰ ਸਿੰਘ ਠੀਕਰੀਵਾਲਾ ਦੀ ਅਗਵਾਈ ਹੇਠ ਸਵੇਰੇ ਬਰਨਾਲਾ ਤੋਂ ਅਾਰੰਭ ਹੋਇਆ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਵਾਹਨ ਸ਼ਾਮਲ ਸਨ। ਇਹ ਮਾਰਚ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਪੁੱਜਾ ਅਤੇ ਗੁਰਦੁਆਰਾ ਬੁਰਜ ਬਾਬਾ ਫੁੱਲਾ ਸਿੰਘ ਤੋਂ ਪੈਦਲ ਮਾਰਚ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ। ਇਸ ਦੌਰਾਨ ਕਾਰਕੁੰਨਾਂ ਵਲੋਂ ਭਿੰਡਰਾਂਵਾਲਾ ਜ਼ਿੰਦਾਬਾਦ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ।
ਇਸ ਮਾਰਚ ਦਾ ਇਥੇ ਪੁੱਜਣ ਤੇ ਫੈਡਰੇਸ਼ਨ ਭਿੰਡਰਾਂਵਾਲਾ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਇਨ੍ਹਾਂ ਦਾ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਨੇ ਆਖਿਆ ਕਿ ਇਹ ਸ਼ਹੀਦੀ ਮਾਰਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਮੇਤ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੈ। ਇਸ ਮੌਕੇ ਉਨ੍ਹਾਂ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ’ਤੇ ਨੁਕਤਾਚੀਨੀ ਕਰਨ ਵਾਲਿਆਂ ਦਾ ਵੀ ਕਰੜਾ ਵਿਰੋਧ ਕੀਤਾ। ਇਸ ਮਾਰਚ ਨੂੰ ਫੈਡਰੇਸ਼ਨ ਪੀਰ ਮੁਹੰਮਦ ਵੱਲੋਂ ਵੀ ਸਮਰਥਨ ਦਿੱਤਾ ਗਿਆ। ਸੰਗਤਾਂ ਨੇ ਇਸ ਮਾਰਚ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲ਼ਿਆ।