ਚੰਡੀਗੜ੍ਹ ( 20 ਫਰਵਰੀ, 2015): ਭਾਰਤੀ ਸੈਂਸਰ ਬੋਰਡ ਨੇ ਪੰਜਾਬੀ ਗਾਇਕ/ ਐਕਟਰ ਗਿੱਪੀ ਗਰੇਵਾਲ ਦੇ ਵੀਡੀਓੁ ਗੀਤ “ਜ਼ਾਲਮ” ਨੂੰ ਪਾਸ ਕਰਨ ਤੋਂ ਇਨਕਾਰ ਕਰਦਿਆਂ ਇਸਦੇ ਭਾਰਤੀ ਉੱਪ ਮਹਾਦੀਪ ਵਿੱਚ ਪ੍ਰਸਾਰਣ ‘ਤੇ ਪਾਬੰਦੀ ਲਾ ਦਿੱਤੀ ਹੈ।ਪਰ ਇਸ ਗੀਤ ਯੂ ਟਿਊਬ ਅਤੇ ਇੰਟਰਨੈੱਟ ‘ਤੇ ਹੋਰ ਵੈਬਸਾਈਟਾਂ ‘ਤੇ ਮੌਜੂਦ ਹੈ।

ਗਿੱਪੀ ਗਰੇਵਾਲ ਨੇ ਆਪਣੇ ਫੇਸਬੱਕ ਪੇਜ਼ ‘ਤੇ ਲਿਖਿਆ ਹੈ “ ਜ਼ਾਲਮ ਗੀਤ ਨੂੰ ਸੈਂਸਰ ਨੇ ਪਾਸ ਨਹੀਂ ਕੀਤਾ, ਕਹਿੰਦੇ ਇਹ ਨਹੀਂ ਹੋ ਸਕਦਾ”।
ਪੰਜਾਬ ਕਕਾਂਗਰਸ ਦੇ ਇੱਕ ਲੀਡਰ ਦੇ ਗਿੱਪੀ ਗਰੇਵਾਲ ‘ਤੇ ਪੁਲਿਸ ਤੋਂ ਪਰਚਾ ਦਰਜ਼ ਕਰਨ ਦੀ ਮੰਗ ਬਾਰੇ ਦਿੱਤੇ ਬਿਆਨ ‘ਤੇ ਪ੍ਰਤੀ ਕਿਰਿਆ ਦਿੰਦਿਆ ਪੰਜਾਬੀ ਗਾਇਕ ਨੇ ਕਿਹਾ ਕਿ “ ਤੇ ਆਹ ਹੁਣ ਇੱਕ ਮੇਰੇ ‘ਤੇ ਪਰਚਾ ਕਰਨ ਨੂੰ ਫਿਰਦਾ, ਕਹਿੰਦਾ ਗਲਤ ਗੀਤ ਗਾਇਆ। ਅੱਜ ਪਤਾ ਲੱਗਿਆ ਕਿ ਕਈ ਲੋਕ ਸੱਚ ਸੁਨਣਾ ਹੀ ਨਹੀਂ ਚਾਹੁੰਦੇ”।
“ਜਿਨ੍ਹਾਂ ਨੇ ਪਸੰਦ ਕੀਤਾ ਉਨਾਂ ਦਾ ਬਹੁਤ ਧੰਨਵਾਦ ਤੇ ਜਿੰਨ੍ਹਾਂ ਨੂੰ ਚੰਗਾ ਨਹੀਂ ਲੱਗਿਆ ਉਨ੍ਹਾਂ ਨੂੰ ਕਹਿ ਰਿਹਾ ਹਾਂ ਕਿ ਇੱਕ ਵਾਰ ਫਿਰ ਧਿਆਨ ਨਾਲ ਦੇਖੋ”।
ਵਰਨਣਯੋਗ ਹੈ ਕਿ ਗਿੱਪੀ ਗਰੇਵਾਲ ਦਾ ਨਵਾ ਵੀਡੀਓੁ ਗੀਤ “ਜ਼ਾਲਮ” ਇੱਕ ਸਿੱਖ ਨੌਜਵਾਨ ਦੀ ਕਹਾਣੀ ਬਿਆਨ ਕਰਦਾ ਹੈ, ਜੋ ਫੌਜੀ ਬਨਣਾ ਚਾਹੁੰਦਾ ਹੈ, ਪਰ ਪੁਲਿਸ ਦਾ ਤਸ਼ੱਦਦ ਉਸਨੂੰ ਹਥਿਆਰਬੰਦ ਸੰਘਰਸ਼ ਦੇ ਰਾਹ ‘ਤੇ ਲੈ ਆਉਂਦਾ ਹੈ।ਇਹ ਵੀਡੀਓੁ ਵੱਖ-ਵੱਖ ਚੈਨਲਾਂ ਅਤੇ ਸ਼ੋਸ਼ਲ ਮੀਡੀਆ ‘ਤੇ ਵਿਖਾਇਆ ਜਾ ਰਿਹਾ ਹੈ।
ਇਸ ਗੀਤ ਦੇ ਅੰਤ ਵਿੱਚ ਪੰਜਾਬੀ ਵਿੱਚ ਲਿਖੀਆਂ ਲਾਈਨਾਂ ਇਉਂ ਹਨ:
“ਕਦੋਂ ਦਿੱਤਾ ਇਨਸਾਫ ਅਦਾਲਤਾਂ ਨੇ, ਝੋਲੀ ਅੱਡਿਆਂ ਅਸਾਂ ਨੂੰ ਅੱਜ ਤੱਕ ਲੋਕੋ
ਲੰਮੀ ਉਮਰ ਤੋਂ ਉਡੀਕ ਇੱਥੇ ਫੈਸਲੇ ਦੀ, ਮੰਗੀ ਭੀਖ ਨਹੀਂ! ਮੰਗੇ ਸੀ ਹੱਕ ਲੋਕੋ
ਨੱਕ ਰਗੜਿਆਂ ਮਿਲਣ ਨਾ ਹੱਕ ਦਿੰਦੇ, ਪੈਂਦਾ ਭੰਨਣਾ ਹੱਕਾਂ ਲਈ ਨੱਕ ਲੋਕੋ”
ਵਿਸ਼ੇਸ਼: ਗਿੱਪੀ ਗਰੇਵਾਲ ਦਾ ਨਵਾਂ ਵੀਡੀਓੁ ਗੀਤ “ਜ਼ਾਲਮ”