
ਅੰਮ੍ਰਿਤਸਰ (21 ਜੁਲਾਈ, 2015 ): ਸਜ਼ਾ ਪੁਰੀ ਕਰਨ ਉਪਰੰਤ ਵੀ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਕਰੀਬ ਛੇ ਮਹੀਨਿਆਂ ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਦੀ ਵਿਗੜ ਰਹੀ ਸਿਹਤ ਕਾਰਨ ਕੱਲ੍ਹ ਪੁਲਿਸ ਵੱਲੋਂ ਧੱਕੇਸ਼ਾਹੀ ਵਰਤਦਿਆਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਅਤੇ ਉਨ੍ਹਾਂ ਦੇ ਹਮਾਇਤੀ ਸਿੰਘਾਂ ‘ਤੇ ਲਾਠੀਚਾਰਜ਼ ਕਰਨ ਅਤੇ ਪਰਚੇ ਦਰਜ਼ ਕਰਕੇ ਜੇਲ ਭੇਜਣ ਦੇ ਮਾਮਲੇ ‘ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਟਿੱਪਣੀ ਕਰਦਿਆਂ ਨਿਖੇਧੀ ਕੀਤੀ ਹੈ।
ਉਨਾਂ ਜਿਥੇ ਬਾਪੂ ਸੂਰਤ ਸਿੰਘ ਦੇ ਜੀਵਨ ਨੂੰ ਕੌਮ ਦੀ ਅਮਾਨਤ ਕਹਿ ਕੇ ਉਨ੍ਹਾਂ ਦੇ ਬਚਾਅ ਨੂੰ ਲਾਜ਼ਮੀ ਦੱਸਿਆ ਉਥੇ ਪੁਲਿਸ ਵੱਲੋਂ ਕੀਤੇ ਤਾਕਤ ਦੇ ਪ੍ਰਯੋਗ ਦੀ ਨਿਖੇਧੀ ਕੀਤੀ।
ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਕਿਹਾ ਕਿ ਭਾਵੇਂ ਸੂਬਾ ਸਰਕਾਰ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੇ ਪੱਧਰ ‘ਤੇ ਹਰ ਸੰਭਵ ਯਤਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਨੇ ਇਸ ਮਾਮਲੇ ‘ਚ ਅੜੀਅਲ ਰਵੱਈਆ ਅਖਤਿਆਰ ਕੀਤਾ ਹੋਇਆ ਹੈ।