ਪਟਿਆਲਾ, (10 ਮਈ2014): – ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਸਿੱਖ ਕੌਮ ਨੂੰ ਮੁੜ ਸੱਦਾ ਦਿੱਤਾ ਹੈ ਕਿ ਉਹ ਕੌਮ ਦੇ ਵਡੇਰੇ ਹਿੱਤਾਂ ਲਈ
ਆਪਣੀ ਆਬਾਦੀ ਵਿੱਚ ਵਾਧਾ ਬਣਾਉਣ। ਉਨ੍ਹਾਂ ਆਖਿਆ ਕਿ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਦੋ ਬੱਚਿਆਂ ਤੱਕ ਸੀਮਤ ਨਾ ਰਹਿਣ ਕਿਉਂਕਿ ਅਜਿਹੀ ਪਿਰਤ ਨਾਲ ਕੌਮ ਦੀ ਗਿਣਤੀ ਕਾਫ਼ੀ ਘੱਟ ਰਹੀ ਹੈ, ਜੋ ਕਈ ਪਹਿਲੂਆਂ ਤੋਂ ਚਿੰਤਾਜਨਕ ਹੈ। ਉਨ੍ਹਾਂ ਪ੍ਰੈਸ ਮਿਲਣੀ ਦੌਰਾਨ ਆਖਿਆ ਕਿ ਕੌਮ ਦੀ ਆਬਾਦੀ ਦੇ ਵਾਧੇ ਬਾਰੇ ਕਿਸੇ ਧਿਰ ਵੱਲੋਂ ਉਨ੍ਹਾਂ ਦੀ ਨੁਕਤਾਚੀਨੀ ਨਹੀਂ ਕੀਤੀ ਗਹੀ ਬਲਕਿ ਦੇਸ਼ ਵਿਦੇਸ਼ ਦੀ ਸੰਗਤ ਨੇ ਇਸ ਫੁਰਮਾਨ ’ਤੇ ਪਹਿਰਾ ਦੇਣ ਦੀ ਵਕਾਲਤ ਕੀਤੀ ਹੈ।
ਉਹ ਅੱਜ ਇੱਥੇ ਛਿਆਨਵੇਂ ਕਰੋੜੀ ਸੱਚਖੰਡ ਵਾਸੀ ਬਾਬਾ ਚੇਤ ਸਿੰਘ ਅਤੇ ਬਾਬਾ ਸੰਤਾ ਸਿੰਘ ਦੇ ਬੁੱਢਾ ਦਲ ਦੇ ਮੌਜੂਦਾ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਸਰਪ੍ਰਸਤੀ ਹੇਠ ਸਾਂਝੇ ਤੌਰ ’ਤੇ ਕਰਵਾਏ ਗਏ ਬਰਸੀ ਸਮਾਗਮ ਵਿੱਚ ਪੁੱਜੇ ਹੋਏ ਸਨ। ਸਮਾਗਮ ਨੂੰ ਸਬੰਧੋਨ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਸਿੱਖੀ ਮਰਿਆਦਾ ਦੀ ਬਹਾਲੀ ‘ਤੇ ਜ਼ੋਰ ਦਿੰਦਿਆਂ ਸਮੂਹ ਨਾਨਕ ਲੇਵਾ ਸੰਗਤ ਨੂੰ ਆਖਿਆ ਕਿ ਪਹਿਲਾਂ ਉਹ ਸਿੱਖੀ ਰਹਿਤ, ਸਿਧਾਂਤ ਤੇ ਪ੍ਰਪੰਰਾਵਾਂ ਨੂੰ ਆਪਣੇ ਘਰਾਂ ਤੋਂ ਪੂਰਨ ਰੂਪ ’ਚ ਲਾਗੂ ਕਰਨ ਤੇ ਫਿਰ ਗੁਆਂਢੀਆਂ ਨੂੰ ਪ੍ਰੇਰਿਤ ਕਰਨ। ਅਜਿਹੇ ਉਪਰਾਲੇ ਨਾਲ ਸਿੱਖੀ ਦਾ ਪਸਾਰਾ ਸੰਸਾਰ ਪੱਧਰ ’ਤੇ ਹੋਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਦੇ ਸੰਦਰਭ ਵਿੱਚ ਅਜੋਕੀਆਂ ਅਲਾਮਤਾਂ ਜਿਵੇਂ ਨਸ਼ਾ, ਭਰੂਣ ਹੱਤਿਆਵਾਂ, ਦਾਜ ਤੇ ਕੇਸਾਂ ਦੀ ਬੇਅਦਬੀ ਆਦਿ ਦਾ ਇੱਕੋ ਹੱਲ ਹੈ ਕਿ ਸਿੱਖ ਕੌਮ ਘੱਟ ਗਿਣਤੀ ਵਿੱਚ ਨਾ ਰਹੇ, ਬਲਕਿ ਸੰਸਾਰ ਦਾ ਹਰ ਪ੍ਰਾਣੀ ਸਿੱਖ ਹੋਵੇ।
ਪ੍ਰੈਸ ਮਿਲਣੀ ਦੌਰਾਨ ਪੱਤਰਕਾਰਾਂ ਵੱਲੋਂ ਮਹਿੰਗਾਈ ਦੇ ਜ਼ਮਾਨੇ ਵਿੱਚ ਅਜਿਹੇ ਧਾਰਮਿਕ ਫੁਰਮਾਨ ਸਾਰਥਕ ਹੋਣ ਸਬੰਧੀ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਜੋ ਵੀ ਪ੍ਰਾਣੀ ਧਰਤੀ ’ਤੇ ਆਉਂਦਾ ਹੈ ਤਾਂ ਉਸ ਦੇ ਰਿਜਕ ਤੇ ਹੋਰ ਲੋੜਾਂ ਪ੍ਰਮਾਤਮਾ ਵੱਲੋਂ ਪਹਿਲਾਂ ਹੀ ਤੈਅ ਹੁੰਦੀਆ ਹਨ। ਇਹ ਚਿੰਤਾਵਾਂ ਕੌਮ ਨੂੰ ਪ੍ਰਮਾਤਮਾ ’ਤੇ ਛੱਡ ਦੇਣੀਆਂ ਚਾਹੀਦੀਆਂ ਹਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਇੱਕ ਗੁਰਦੁਆਰ ਵਿਖੇ ਕੀਤੀ ਗਈ ਭੰਨ ਤੋੜ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਟ ਹੋਏ ਸਰੂਪਾਂ ਦੀ ਪੜਤਾਲ ਲਈ ਤਿੰਨ ਮੈਂਬਰ ਕਮੇਟੀ ਪਾਕਿਸਤਾਨੀ ਭੇਜੀ ਗਈ ਅਤੇ ਰਿਪੋਰਟ ਆਉਣ ਮਗਰੋਂ ਛੇਤੀ ਹੀ ਅਗਲੀ ਕਾਰਵਾਈ ਵਿਚਾਰੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੁੰਬਈ ਖ਼ਾਲਸਾ ਕਾਲਜ ਮਾਟੂੰਗਾ ਦੇ ਪ੍ਰਿੰਸੀਪਲ ’ਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਗਈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਐਸਜੀਪੀਸੀ ਦੇ ਐਜੂਕੇਸ਼ਨ ਡਾਇਰੈਕਟਰ ਡਾ. ਧਰਮਿੰਦਰ ਸਿੰਘ ਉਭਾ, ਸਕੱਤਰ ਅਵਤਾਰ ਸਿੰਘ, ਕੋਆਰਡੀਨੇਟਰ ਬਲਵਿੰਦਰ ਸਿੰਘ ਜੌੜਾ ਅਤੇ ਚੀਫ ਆਕਊਟੈਂਟ ਸਤਿੰਦਰ ਸਿੰਘ ਸ਼ਾਮਲ ਹਨ। ਇਹ ਮੁੰਬਈ ਜਾ ਕੇ ਘੋਖ ਕਰਕੇ ਸੱਚ ਸਾਹਮਣੇ ਲਿਆਉਣਗੇ।
ਸਮਾਗਮ ਵਿੱਚ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਗਿਆਨੀ ਮੱਲ ਸਿੰਘ, ਕਰਨੈਲ ਸਿੰਘ ਪੰਜੋਲੀ, ਬਾਬਾ ਬਲਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਹਾਜ਼ਰ ਸੀ।’