ਕੈਲਗਰੀ (7 ਜੁਲਾਈ, 2015): ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਛੇਵੇਂ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ ਦੀਵਾਨ ਸਜਾਏ ਗਏ। ਅਰੰਭਤਾ ‘ਚ ਭਾਈ ਸੁਲੱਖਣ ਸਿੰਘ, ਭਾਈ ਅਮਰੀਕ ਸਿੰਘ ਮੁੱਲਾਂਪੁਰ, ਭਾਈ ਪਰਮਿੰਦਰ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਟਾਹਲੀ ਵਾਲਿਆਂ ਦੇ ਰਾਗੀ ਜਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜਿਆ।

ਇਸ ਸਮੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਰਣਜੀਤ ਸਿੰਘ ਗੌਰਵ ਏ ਮਸਕੀਨ ਹੁਰਾਂ ਨੇ ਗੁਰਮਿਤ ਵਿਚਾਰਾਂ ਰਾਹੀ ਛੇਵੇਂ ਪਾਤਸ਼ਾਹ ਦੇ ਜੀਵਨ, ਧਰਮ ਯੁੱਧਾਂ, ਮੀਰੀ-ਪੀਰੀ ਦੇ ਸਿਧਾਂਤ ਅਤੇ ਸਤਿਗੁਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾਂ ਸਬੰਧੀ ਬਹੁਮੁੱਲੇ ਵਿਚਾਰਾਂ ਨਾਲ ਸਾਂਝ ਪਾਈ।
ਇਸ ਸਮੇਂ ਗਿਆਨੀ ਮੱਸਾ ਸਿੰਘ ਸਭਰਾ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਰਾਹੀਂ ਛੇਵੇਂ ਪਾਤਸ਼ਾਹ ਦੇ ਜੀਵਨ ‘ਚੋਂ ਚੋਣਵੇਂ ਪ੍ਰਸੰਗਾਂ ਨੂੰ ਸੰਗਤਾਂ ‘ਚ ਕਵੀਸ਼ਰੀ ਰਾਹੀਂ ਬਿਆਨ ਕੀਤਾ। ਸਟੇਜ ਸਕੱਤਰ ਦੀ ਸੇਵਾ ਭਾਈ ਰਣਬੀਰ ਸਿੰਘ ਹੁਰਾਂ ਨਿਭਾਈ।