ਅੰਮ੍ਰਿਤਸਰ (13 ਦਸੰਬਰ, 2015): ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਦਾ ਸਾਥ ਦੇਣ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਅੱਜ ਆਪ ਆਗੂ ਅਤੇ ਉਘੇ ਵਕੀਲ ਐਚ.ਐਸ. ਫੂਲਕਾ ਵਲੋਂ ਸਾੲੀਕਲ ਰੈਲੀ ਕੱਢੀ ਗਈ, ਜੋ ਇਥੇ ਜਲਿਆਂਵਾਲਾ ਬਾਗ ਵਿੱਚ ਪੁਜ ਕੇ ਸਮਾਪਤ ਹੋਈ। ਇਥੇ ਰੈਲੀ ਵਿਚ ਸ਼ਾਮਲ ਲੋਕਾਂ ਨੇ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਸਾੲੀਕਲ ਰੈਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਲੀਨ ਚਿੱਟ ਦੇਣ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਗਈ ਸੀ।

ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ੳੁਹ ਇਹ ਵਾਅਦਾ ਕਰਨ ਕਿ ਭਵਿੱਖ ਵਿਚ ਮੁੜ ਮਨੁੱਖਤਾ ਦੇ ਕਾਤਲਾਂ ਦਾ ਸਾਥ ਨਹੀਂ ਦੇਣਗੇ ਅਤੇ ਨਾ ਹੀ ਇਸ ਸਬੰਧੀ ਅਜਿਹੀ ਬਿਆਨਬਾਜ਼ੀ ਕਰਨਗੇ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਨੂੰ ਇਸ ਮਾਮਲੇ ਵਿਚ ਕਲੀਨ ਚਿੱਟੀ ਦਿੱਤੀ ਹੈ ਜਦੋਂਕਿ ਅਦਾਲਤ ਨੇ ਸੀਬੀਆਈ ਦੀ ਕਲੀਨ ਚਿੱਟ ਨੂੰ ਰੱਦ ਕਰਦਿਆਂ ਮਾਮਲੇ ਦੀ ਜਾਂਚ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।
ਇਸ ਸਬੰਧੀ ਐਡਵੋਕੇਟ ਫੂਲਕਾ ਨੇ ਦੱਸਿਆ ਕਿ ਇਹ 30 ਕਿਲੋਮੀਟਰ ਦੀ ਸਾੲੀਕਲ ਰੈਲੀ ਤਰਨ ਤਾਰਨ ਤੋਂ ਸ਼ੁਰੂ ਕੀਤੀ ਗਈ ਸੀ, ਜੋ ਜਲਿਆਂਵਾਲਾ ਬਾਗ ਪੁੱਜ ਕੇ ਸਮਾਪਤ ਹੋਈ ਹੈ। ਰੈਲੀ ਨੂੰ ਚੱਬਾ ਵਿੱਚ ਰੋਕ ਕੇ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਚਾਟੀਵਿੰਡ ਨਹਿਰ ਨੇੜੇ ਆਪ ਆਗੂਆਂ ਅਤੇ ਲੋਕਾਂ ਨੇ ਸਵਾਗਤ ਕੀਤਾ। ਰੈਲੀ ਵਿਚ ਸਵਾਰ ਸਾੲੀਕਲ ਚਾਲਕ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਟਾਊਨ ਹਾਲ ਪੁੱਜੇ, ਜਿਥੋਂ ਉਹ ਪੈਦਲ ਜਲਿਆਂਵਾਲਾ ਬਾਗ ਗਏ।
ਇਸ ਮੌਕੇ ਆਪ ਆਗੂ ਅਸ਼ੋਕ ਤਲਵਾੜ, ਜਗਦੀਪ ਸਿੰਘ, ਹਰਵਿੰਦਰ ਸਿੰਘ, ਮਨਜਿੰਦਰ ਸਿੰਘ, ਕਿਸਾਨ ਵਿੰਗ ਦੇ ਗੁਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।