ਇਸਲਾਮਾਬਾਦ (19 ਅਗਸਤ 2014): ਕਸ਼ਮੀਰੀ ਆਗੂਆਂ ਦੀ ਪਾਕਿ ਹਾਈ ਕਮਿਸ਼ਨ ਨਾਲ ਮੁਲਾਕਾਤ ਦੀ ਵਜ਼ਾ ਕਰਕੇ ਭਾਰਤ ਵੱਲੋਂ ਗੱਲਬਾਤ ਰੱਦ ਕਰਨੀ ਅਮਨ ਲਈ ਵੱਡਾ ਝਟਕਾ ਹੈ। ਇਹ ਪ੍ਰਤੀਕ੍ਰਿਆ ਗੱਲਬਾਤ ਰੱਦ ਹੋਣ ‘ਤੇ ਪਾਕਿਸਤਾਨ ਮੀਡੀਆਂ ਵੱਲੋਂ ਜਾਹਿਰ ਕੀਤੀ ਗਈ।
ਪਾਕਿਸਤਾਨੀ ਮੀਡੀਆ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹੁੰ ਚੁੱਕ ਸਮਾਗਮ ਲਈ ਆਪਣੇ ਪਾਕਿਸਤਾਨੀ ਹਮ ਰੁਤਬਾ ਨੂੰ ਸੱਦਾ ਦੇਣ ਦੇ ਹੈਰਾਨੀਜਨਕ ਕਦਮ ਤੋਂ ਬਾਅਦ ਪਿਛਲਖੁਰੀ ਚੁੱਕਿਆ ਇਹ ਇੱਕ ਵੱਡਾ ਕਦਮ ਹੈ।
ਡਾਨ ਅਨੁਸਾਰ ‘ਸਬੰਧ ਆਮ ਵਾਂਗ ਬਣਾਉਣ ਲਈ ਪਾਕਿਸਤਾਨ ਤੇ ਭਾਰਤ ਦੀਆਂ ਆਸਾਂ ਨੂੰ ਉਸ ਵੇਲੇ ਵੱਡਾ ਝਟਕਾ ਵੱਜਾ ਜਦੋਂ ਪਾਕਿਸਤਾਨ ਹਾਈ ਕਮਿਸ਼ਨਰ ਵੱਲੋਂ ਹੁਰੀਅਤ ਨੇਤਾ ਨਾਲ ਗੱਲਬਾਤ ਤੋਂ ਬਾਅਦ ਨਵੀਂ ਦਿੱਲੀ ਨੇ ਸੋਮਵਾਰ ਨੂੰ ਦੋਨਾਂ ਦੇਸ਼ਾਂ ਵਿਚਾਲੇ 25 ਅਗਸਤ ਨੂੰ ਹੋਣ ਵਾਲੀ ਵਿਦੇਸ਼ ਸਕੱਤਰਾਂ ਦੀ ਮੀਟਿੰਗ ਰੱਦ ਕਰ ਦਿੱਤੀ।
‘ਅਖ਼ਬਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਭਾਰਤੀ ਹਮ ਰੁਤਬਾ ਮੋਦੀ ਵੱਲੋਂ ਮਈ ਵਿਚ ਦਿੱਲੀ ‘ਚ ਲਏ ਫ਼ੈਸਲੇ ਅਨੁਸਾਰ ਦੋਨਾਂ ਦੇਸ਼ਾਂ ਦੇ ਸੰਬੰਧਾਂ ਵਿਚ ਆਏ ਗਤੀਰੋਧ ਨੂੰ ਖ਼ਤਮ ਕਰਨ ਲਈ ਸੰਭਾਵਨਾਵਾਂ ਤਲਾਸ਼ਣ ਵਾਸਤੇ ਵਿਦੇਸ਼ ਸਕੱਤਰਾਂ ਦੀ ਮੀਟਿੰਗ ਰੱਖੀ ਗਈ ਸੀ।
ਅਖ਼ਬਾਰ ਨੇ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਤੇ ਕਸ਼ਮੀਰੀ ਵੱਖਵਾਦੀਆਂ ਨਾਲ ਮੀਟਿੰਗ ਵਿਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਸੀ। ਅਖ਼ਬਾਰ ਨੇ ਕਿਹਾ ਹੈ ਕਿ ਵਿਦੇਸ਼ ਦਫ਼ਤਰ ਵਿਚ ਕੁੱਝ ਘੰਟੇ ਵਿਚਾਰ ਵਟਾਂਦਰਾ ਕਰਨ ਉਪਰੰਤ ਆਖ਼ਰਕਾਰ ਬੁਲਾਰੇ ਨੇ ਪ੍ਰਤੀਕਰਮ ਪ੍ਰਗਟ ਕਰਦਿਆਂ ਸਹਿਮਤੀ ਪ੍ਰਗਟਾਈ ਕਿ ਭਾਰਤ ਦਾ ਨਿਰਨਾ ਇੱਕ ਝਟਕਾ ਹੈ ਪਰ ਉਸ ਨੇ ਵੱਡੀ ਪੱਧਰ ‘ਤੇ ਨਿਰਾਸ਼ਤਾ ਨਹੀਂ ਪ੍ਰਗਟਾਈ ਤੇ ਨਾ ਹੀ ਭਾਰਤ ਨੂੰ ਇਸ ਬਾਰੇ ਪੁਨਰ ਵਿਚਾਰ ਕਰਨ ਲਈ ਕਿਹਾ।